6 ਭਾਰਤੀ ਅਮਰੀਕੀਆਂ ਨੇ ਜਿੱਤੀ ਗੇਟਸ ਕੈਮਬ੍ਰਿਜ ਸਕਾਲਰਸ਼ਿਪ

02/17/2018 1:27:58 PM

ਵਾਸ਼ਿੰਗਟਨ(ਭਾਸ਼ਾ)— 6 ਭਾਰਤੀ ਅਮਰੀਕੀਆਂ ਨੂੰ ਬਿਲ ਐਂਡ ਮਿਲਿੰਡਾ ਗੇਟਸ ਫਾਊਂਡੇਸ਼ਨ ਦੇ ਪ੍ਰਸਿੱਧ ਗੇਟਸ ਕੈਮਬ੍ਰਿਜ ਸਕਾਲਰਸ਼ਿਪ ਲਈ ਚੁਣਿਆ ਆਿ ਹੈ। ਇਨ੍ਹਾਂ ਵਿਚ 2 ਔਰਤਾਂ ਵੀ ਸ਼ਾਮਲ ਹਨ। ਬਿੱਲ ਐਂਡ ਮਿਲਿੰਡਾ ਗੇਟਸ ਫਾਊਂਡੇਸ਼ਨ ਦੁਨੀਆ ਭਰ ਦੇ ਯੋਗ ਗਰੈਜੂਏਟ ਵਿਦਿਆਰਥੀਆਂ ਨੂੰ ਕੈਮਬ੍ਰਿਜ ਯੂਨੀਵਰਸਿਟੀ ਵਿਚ ਪੜ੍ਹਾਈ ਲਈ 21 ਕਰੋੜ ਅਮਰੀਕੀ ਡਾਲਰ ਦੀ ਸਕਾਲਰਸ਼ਿਪ ਪ੍ਰਦਾਨ ਕਰਦਾ ਹੈ। ਇਸ ਲਈ ਕੁੱਲ 35 ਵਿਦਿਆਰਥੀਆਂ ਨੂੰ ਚੁਣਿਆ ਗਿਆ ਹੈ, ਜਿਨ੍ਹਾਂ ਵਿਚੋਂ 6 ਭਾਰਤੀ ਮੂਲ ਦੇ ਅਮਰੀਕੀ ਹਨ। ਬਾਕੀ ਦੇਸ਼ਾਂ ਤੋਂ ਚੁਣੇ ਗਏ ਲੋਕਾਂ ਦੇ ਨਾਮਾਂ ਦਾ ਐਲਾਨ ਅਪ੍ਰੈਲ ਵਿਚ ਕੀਤਾ ਜਾਵੇਗਾ।
ਇਨ੍ਹਾਂ ਭਾਰਤੀ ਅਮਰੀਕੀਆਂ ਦੇ ਨਾਂ ਹਨ-ਨੀਲ ਦਵੇ, ਆਰੀਅਨ ਮੰਡਲ, ਪ੍ਰਣਯ ਨਾਡੇਲਾ, ਵੈਤਿਸ਼ ਵੇਲਾਜਾਹਨ, ਕਾਮਿਆ ਵਾਰਾਗੁਰ ਅਤੇ ਮੋਨਿਕਾ ਕੁੱਲਰ। ਇਸ ਪ੍ਰੋਗਰਾਮ ਦਾ ਮਕਸਦ ਲੋਕਾਂ ਦੇ ਜੀਵਨ ਵਿਚ ਸੁਧਾਰ ਲਿਆਉਣ ਲਈ ਵਚਨਬੱਧ ਸੰਭਾਵੀ ਹਸਤੀਆਂ ਦਾ ਗਲੋਬਲ ਨੈਟਵਰਕ ਤਿਆਰ ਕਰਨਾ ਹੈ। ਸਕਾਲਰਸ਼ਿਪ ਲਈ ਚੁਣੇ ਜਾਣ ਤੋਂ ਬਾਅਦ ਦਵੇ ਨੇ ਕਿਹਾ, 'ਗੇਟਸ ਕੈਮਬ੍ਰਿਜ ਸਕਾਲਰ ਚੁਣੇ ਜਾਣ 'ਤੇ ਮੈਂ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਜਜ ਬਿਜਨੈਸ ਸਕੂਲ ਵਿਚ ਟੈਕਨੋਲਾਜੀ ਪਾਲਿਸੀ ਵਿਚ ਐਮਫਿਲ ਕਰ ਕੇ ਨਵਾਂ ਅਕਾਦਮਿਕ ਅਨੁਭਵ ਹਾਸਲ ਕਰਨ ਤੋਂ ਇਲਾਵਾ ਮੈਂ ਖਾਸ ਤੌਰ 'ਤੇ ਉਸ ਅੰਤਰਰਾਸ਼ਟਰੀ ਭਾਈਚਾਰੇ ਦਾ ਹਿੱਸਾ ਬਣ ਕੇ ਉਤਸ਼ਾਹਿਤ ਹਾਂ ਜੋ ਕਿ ਕਮਿਊਨਿਟੀ ਭਾਗੀਦਾਰੀ ਲਈ ਸਕਾਲਰਸ਼ਿਪ ਦੇਣ ਲਈ ਵਚਨਬੱਧ ਹੈ।'
ਉਥੇ ਹੀ ਨਾਡੇਲਾ ਨੇ ਕਿਹਾ ਕਿ ਉਹ ਇਸ ਭਾਈਚਾਰੇ ਦਾ ਹਿੱਸਾ ਬਣ ਕੇ ਅਤੇ ਕੈਮਬ੍ਰਿਜ ਯੂਨੀਵਰਸਿਟੀ ਦੇ ਪਬਲਿਕ ਹੈਲਥ ਐਂਡ ਪ੍ਰਾਇਮਰੀ ਕੇਅਰ ਵਿਭਾਗ ਵਿਚ ਜਨ ਸਿਹਤ ਵਿਚ ਐਮਫਿਲ ਕਰਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਮੋਨਿਕਾ ਦਾ ਕਹਿਣਾ ਹੈ ਕਿ ਕੈਮਬ੍ਰਿਜ ਯੂਨੀਵਰਸਿਟੀ ਵਿਚ ਉਨ੍ਹਾਂ ਦਾ ਟੀਚਾ ਤਣਾਅ ਨਾਲ ਭਰੇ ਇਸ ਵਿਸ਼ਵ ਵਿਚ ਨਕਾਰਾਤਮਕ ਭਾਵਨਾਵਾਂ ਨੂੰ ਪ੍ਰਭਾਵੀ ਰੂਪ ਤੋਂ ਘੱਟ ਕਰਨ ਨਾਲ ਜੁੜਿਆ ਸੋਧ ਕਰਨਾ ਹੈ।


Related News