ਜਾਪਾਨ ''ਚ ਲੱਗੇ 6.2 ਤੀਬਰਤਾ ਦੇ ਭੂਚਾਲ ਦੇ ਝਟਕੇ
Friday, May 05, 2023 - 04:03 PM (IST)
ਟੋਕੀਓ (ਭਾਸ਼ਾ) : ਮੱਧ ਜਾਪਾਨ ਨੇੜੇ ਸ਼ੁੱਕਰਵਾਰ ਨੂੰ 6.2 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦੇ ਜ਼ਬਰਦਸਤ ਝਟਕਿਆਂ ਤੋਂ ਬਾਅਦ ਅਧਿਕਾਰੀਆਂ ਨੇ ਕਿਹਾ ਕਿ ਸ਼ੁਰੂਆਤੀ ਤੌਰ 'ਤੇ ਕੋਈ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਸੁਨਾਮੀ ਦਾ ਕੋਈ ਖ਼ਤਰਾ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਦੇ ਭੂਚਾਲ ਸੂਚਨਾ ਕੇਂਦਰ ਅਨੁਸਾਰ ਜਾਪਾਨ ਦੇ ਹੋਨਸ਼ੂ ਟਾਪੂ ਦੇ ਮੱਧ ਪੱਛਮੀ ਤੱਟ ਨੇੜੇ ਸਥਿਤ ਇਸ਼ੀਕਾਵਾ ਸੂਬੇ ਵਿੱਚ ਦਪਹਿਰ ਕਰੀਬ 2:42 'ਤੇ 6.2 ਤੀਬਰਤਾ ਦਾ ਭੂਚਾਲ ਆਇਆ। ਸਰਕਾਰੀ ਬੁਲਾਰੇ ਹੀਰੋਕਾਜ਼ੂ ਐੱਮ. ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਧਿਕਾਰੀ ਸੰਭਾਵਿਤ ਜਾਨੀ ਨੁਕਸਾਨ ਦਾ ਮੁਲਾਂਕਣ ਕਰ ਰਹੇ ਹਨ ਅਤੇ ਸਰਕਾਰ ਦੀ ਤਰਜੀਹ ਲੋਕਾਂ ਦੀਆਂ ਜਾਨਾਂ ਬਚਾਉਣਾ ਹੈ।
ਉਥੇ ਹੀ, ਜਾਪਾਨ ਦੇ ਮੌਸਮ ਵਿਭਾਗ ਦੇ ਅਨੁਸਾਰ, ਸ਼ੁਰੂਆਤ ਵਿੱਚ 6.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ, ਜਦੋਂ ਕਿ ਬਾਅਦ ਵਿੱਚ ਇਸਦੀ ਤੀਬਰਤਾ ਵਧ ਕੇ 6.5 ਹੋ ਗਈ। ਫਾਇਰ ਐਂਡ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਨੇ ਦੱਸਿਆ ਕਿ ਭੂਚਾਲ ਕਾਰਨ ਇਸ਼ਿਕਾਵਾ ਸੁਜ਼ੂ ਸ਼ਹਿਰ 'ਚ 2 ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਜਾਪਾਨੀ ਅਧਿਕਾਰੀਆਂ ਨੇ ਕਿਹਾ ਕਿ ਭੂਚਾਲ ਕਾਰਨ ਛੋਟੀਆਂ ਲਹਿਰਾਂ ਆ ਸਕਦੀਆਂ ਹਨ ਪਰ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ।