ਬਰਮਿੰਘਮ 'ਚ ਪਨਾਹ ਲੈਣ ਵਾਲੇ 56 ਹੋਏ ਕੋਰੋਨਾ ਵਾਇਰਸ ਦੇ ਸ਼ਿਕਾਰ

Saturday, Sep 05, 2020 - 03:53 PM (IST)

ਬਰਮਿੰਘਮ 'ਚ ਪਨਾਹ ਲੈਣ ਵਾਲੇ 56 ਹੋਏ ਕੋਰੋਨਾ ਵਾਇਰਸ ਦੇ ਸ਼ਿਕਾਰ

ਗਲਾਸਗੋ/ਬਰਮਿੰਘਮ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਦੀ ਰਫਤਾਰ ਅਜੇ ਵੀ ਘੱਟ ਨਹੀਂ ਹੋ ਰਹੀ ਹੈ। ਹੁਣ ਬਰਮਿੰਘਮ ਦੇ ਇੱਕ ਹੋਸਟਲ ਵਿਚ 56 ਪਨਾਹ ਮੰਗਣ ਵਾਲਿਆਂ ਨੂੰ ਇਸ ਵਾਇਰਸ ਨੇ ਆਪਣੀ ਲਪੇਟ ਵਿਚ ਲਿਆ ਹੈ। 

ਇਸ ਤੋਂ ਬਾਅਦ ਪੀੜਤਾਂ ਨੂੰ ਹੋਸਟਲ ਤੋਂ ਬਾਹਰ ਕਿਸੇ ਹੋਰ ਜਗ੍ਹਾ ਭੇਜ ਦਿੱਤਾ ਗਿਆ ਹੈ। ਵੈਸਟ ਮਿਡਲੈਂਡਜ਼ ਕੰਬਾਈਂਡ ਅਥਾਰਟੀ (ਡਬਲਯੂ. ਐੱਮ. ਸੀ. ਏ.) ਦੇ ਨੇਤਾ ਇਯਾਨ ਵਾਰਡ ਨੇ 4 ਸਤੰਬਰ ਨੂੰ ਸੰਬੋਧਨ ਕਰਦਿਆਂ ਪੁਸ਼ਟੀ ਕੀਤੀ ਕਿ ਐਜਬੈਸਟਨ ਸਟੋਨ ਰੋਡ ਦੇ ਹੋਸਟਲ ਵਿੱਚ ਕਈ ਵਸਨੀਕਾਂ ਨੂੰ ਕੋਵਿਡ -19 ਪ੍ਰਭਾਵਿਤ ਪਾਇਆ ਗਿਆ ਸੀ। 

ਉਨ੍ਹਾਂ ਕਿਹਾ ਕਿ ਕੌਂਸਲ ਹੁਣ ਹੋਰ ਵਸਨੀਕਾਂ ਅਤੇ ਸਟਾਫ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਗ੍ਰਹਿ ਦਫਤਰ ਅਤੇ ਪਬਲਿਕ ਹੈਲਥ ਇੰਗਲੈਂਡ ਨਾਲ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਹੁਣ ਇਹ ਹੋਸਟਲ ਬੰਦ ਕਰ ਦਿੱਤਾ ਗਿਆ ਹੈ ਅਤੇ ਪੀੜਤਾਂ ਨੂੰ ਬਦਲਵੀਂ ਰਿਹਾਇਸ਼ ਵਿੱਚ ਭੇਜਿਆ ਗਿਆ ਹੈ ਜਿੱਥੇ ਉਹ ਇਕਾਂਤਵਾਸ ਵਿੱਚ ਹਨ ਅਤੇ ਉਹਨਾਂ ਨੂੰ ਬਿਹਤਰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।


author

Lalita Mam

Content Editor

Related News