ਫਰਿਜ਼ਨੋ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਪੁਰਬ

Tuesday, Nov 23, 2021 - 09:41 AM (IST)

ਫਰਿਜ਼ਨੋ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਪੁਰਬ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਕਿਰਤ ਕਰੋ, ਵੰਡ ਛਕੋ, ਨਾਮ ਜਪੋ ਦਾ ਉਪਦੇਸ਼ ਦੇਣ ਵਾਲੇ ਅਤੇ ਵਹਿਮਾ ਭਰਮਾਂ ਵਿਰੁੱਧ ਆਵਾਜ਼ ਉਠਾਉਣ ਵਾਲੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਪੁਰਬ ਫਰਿਜ਼ਨੋ ਦੇ ਗੁਰਦਵਾਰਾ ਸਿੰਘ ਸਭਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿੱਥੇ ਐਤਵਾਰ ਦੇ ਦੀਵਾਨ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਯਾਦ ਕਰਦਿਆਂ ਰੂਹਾਨੀ ਗੁਰਮਤਿ ਵਿਚਾਰਾਂ ਹੋਈਆਂ ਅਤੇ ਕੀਰਤਨ ਦੀਵਾਨ ਸਜੇ, ਉੱਥੇ ਹੀ ਪਿਛਲੇ ਇਕ ਸਾਲ ਤੋਂ ਦਿੱਲੀ ਦੀਆਂ ਬਰੂੰਹਾਂ 'ਤੇ ਬੈਠੇ ਕਿਸਾਨਾਂ ਦੀ ਹੋਈ ਜਿੱਤ ਅਤੇ ਪ੍ਰਧਾਨ ਮੰਤਰੀ ਵੱਲੋਂ ਤਿੰਨ ਕਾਲੇ ਕਨੂੰਨ ਵਾਪਸ ਲੈਣ ਸਬੰਧੀ ਕੀਤੇ ਐਲਾਨ ਲਈ ਸੰਗਤਾਂ ਵਿਚ ਖੁਸ਼ੀ ਦੀ ਲਹਿਰ ਸੀ। ਇਸ ਦੌਰਾਨ ਕਿਰਸਾਨੀ ਦੀ ਚੜ੍ਹਦੀ ਕਲਾ ਲਈ ਗੁਰੂ ਸਹਿਬ ਦਾ ਸ਼ੁਕਰਾਨਾ ਵੀ ਕੀਤਾ ਗਿਆ।

PunjabKesari

ਇਨ੍ਹਾਂ ਦੀਵਾਨਾਂ ਵਿਚ ਗੁਰੂ ਘਰ ਦੇ ਕੀਰਤਨੀਏ ਡਾ. ਸਰਬਜੀਤ ਸਿੰਘ ਦੇ ਜਥੇ ਨੇ ਕੀਰਤਨ ਰਾਹੀਂ ਹਾਜ਼ਰੀ ਭਰੀ। ਇਸ ਸਮਾਗਮ ਵਿਚ ਕਥਾਵਾਚਕ ਭਾਈ  ਮਲਕੀਤ ਸਿੰਘ ਨੇ ਗੁਰੂ ਸ਼ਬਦ ਦੀ ਕਥਾ ਨਾਲ ਸੰਗਤਾਂ ਨੂੰ ਗੁਰੂ ਜੀ ਦੀ ਮਹਿਮਾ ਅਤੇ ਇਤਿਹਾਸ ਸਰਵਨ ਕਰਵਾਇਆ। ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜੁਗਰਾਜ ਸਿੰਘ ਦੌਧਰ ਨੇ ਸਟੇਜ਼ ਤੋਂ ਧਾਰਮਿਕ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹੋਏ ਵਿਚਾਰਾ ਦੀ ਸਾਂਝ ਪਾਈ ਅਤੇ ਉਹਨਾਂ ਗੁਰ ਪੁਰਬ ਦੀ ਵਧਾਈ ਦਿੱਤੀ ਅਤੇ ਤਿੰਨ ਖੇਤੀ ਕਨੂੰਨਾਂ ਦੀ ਵਾਪਸੀ ਦੇ ਐਲਾਨ ਲਈ ਗੁਰੂ ਸਹਿਬ ਦਾ ਸ਼ੁਕਰਾਨਾ ਕੀਤਾ। ਸਟੇਜ਼ ਸੰਚਾਲਕ ਦੀ ਸੇਵਾ ਭਾਈ ਗੁਰਪ੍ਰੀਤ ਸਿੰਘ ਮਾਨ ਨੇ ਨਿਭਾਈ। ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।

PunjabKesari

PunjabKesari


author

cherry

Content Editor

Related News