ਇੰਡੋਨੇਸ਼ੀਆ ''ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ

Thursday, Dec 08, 2022 - 12:13 PM (IST)

ਇੰਡੋਨੇਸ਼ੀਆ ''ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ

ਜਕਾਰਤਾ (ਭਾਸ਼ਾ) : ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਅਤੇ ਜਾਵਾ ਦੇ ਮੁੱਖ ਟਾਪੂ ਦੇ ਵੱਖ-ਵੱਖ ਹਿੱਸਿਆਂ ‘ਚ ਵੀਰਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਫਿਲਹਾਲ ਇਸ ਦੌਰਾਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ਭੂਚਾਲ ਨਾਲ ਰਾਜਧਾਨੀ ਜਕਾਰਤਾ ਦੀਆਂ ਗਗਨਚੁੰਬੀ ਇਮਾਰਤਾਂ ਕਈ ਸਕਿੰਟਾਂ ਤੱਕ ਹਿੱਲਦੀਆਂ ਰਹੀਆਂ। ਕੁਝ ਇਮਾਰਤਾਂ ਵਿੱਚ ਵਸਨੀਕਾਂ ਨੂੰ ਬਾਹਰ ਨਿਕਲਣ ਦਾ ਹੁਕਮ ਵੀ ਜਾਰੀ ਕੀਤਾ ਗਿਆ।

ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.8 ਮਾਪੀ ਗਈ ਹੈ। ਇਸ ਦਾ ਕੇਂਦਰ ਪੱਛਮੀ ਜਾਵਾ ਸੂਬੇ ਦੇ ਸਿਰੰਜੰਗ-ਹਿਲੀਰ ਤੋਂ 14 ਕਿਲੋਮੀਟਰ ਉੱਤਰ-ਪੱਛਮ ਵਿੱਚ 123.7 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਪੱਛਮੀ ਜਾਵਾ ਉਹੀ ਪ੍ਰਾਂਤ ਹੈ, ਜਿੱਥੇ 21 ਨਵੰਬਰ ਨੂੰ ਆਏ 5.6 ਤੀਬਰਤਾ ਵਾਲੇ ਭੂਚਾਲ ਕਾਰਨ ਘੱਟੋ-ਘੱਟ 334 ਲੋਕ ਮਾਰੇ ਗਏ ਸਨ ਅਤੇ ਲਗਭਗ 600 ਹੋਰ ਜ਼ਖ਼ਮੀ ਹੋ ਗਏ ਸਨ।

ਇਹ ਇੰਡੋਨੇਸ਼ੀਆ ਵਿੱਚ 2018 ਵਿਚ ਆਏ ਭੂਚਾਲ ਅਤੇ ਸੁਨਾਮੀ ਤੋਂ ਬਾਅਦ ਆਉਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਸੀ, ਜਿਸ ਵਿੱਚ ਲਗਭਗ 4,340 ਲੋਕ ਮਾਰੇ ਗਏ ਸਨ। ਇਸ ਦੀ ਡੂੰਘਾਈ ਵੀ ਬਹੁਤੀ ਨਹੀਂ ਸੀ। ਇੰਡੋਨੇਸ਼ੀਆ ਨੂੰ ਭੂਚਾਲਾਂ ਲਈ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ, ਪਰ ਜਕਾਰਤਾ ਵਿੱਚ ਭੂਚਾਲ ਦੇ ਝਟਕੇ ਘੱਟ ਹੀ ਮਹਿਸੂਸ ਕੀਤੇ ਜਾਂਦੇ ਹਨ।


author

cherry

Content Editor

Related News