ਅਮਰੀਕਾ ਦੇ ਟੈਕਸਾਸ ''ਚ ਮਹਿਸੂਸ ਕੀਤੇ ਗਏ 5.4 ਤੀਬਰਤਾ ਦੇ ਭੂਚਾਲ ਦੇ ਝਟਕੇ
Saturday, Dec 17, 2022 - 11:46 AM (IST)
ਮਿਡਲੈਂਡ (ਭਾਸ਼ਾ)- ਅਮਰੀਕਾ ਦੇ ਟੈਕਸਾਸ ਸੂਬੇ ਦੇ ਪੱਛਮੀ ਖੇਤਰ ਵਿਚ ਸ਼ੁੱਕਰਵਾਰ ਨੂੰ 5.4 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜੋ ਇਤਿਹਾਸ ਦੇ ਸਭ ਤੋਂ ਸ਼ਕਤੀਸ਼ਾਲੀ ਭੂਚਾਲਾਂ ਵਿੱਚੋਂ ਇੱਕ ਰਿਹਾ। ਫਿਲਹਾਲ ਕਿਸੇ ਜਾਨੀ ਜਾਂ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਨੇ ਕਿਹਾ ਕਿ ਭੂਚਾਲ ਦੀ ਤੀਬਰਤਾ 5.4 ਮਾਪੀ ਗਈ ਅਤੇ ਇਹ ਸਥਾਨਕ ਸਮੇਂ ਅਨੁਸਾਰ 5:35 ਵਜੇ ਆਇਆ।
ਭੂਚਾਲ ਦਾ ਕੇਂਦਰ ਮਿਡਲੈਂਡ ਤੋਂ 22 ਕਿਲੋਮੀਟਰ ਦੂਰ ਉੱਤਰ-ਉੱਤਰ ਪੱਛਮ ਵਿੱਚ ਜ਼ਮੀਨ ਤੋਂ ਕਰੀਬ 9 ਕਿਲੋਮੀਟਰ ਦੀ ਡੂੰਘਾਈ ਵਿੱਚ ਸਥਿਤ ਸੀ। ਮਿਡਲੈਂਡ ਵਿੱਚ ਰਾਸ਼ਟਰੀ ਮੌਸਮ ਸੇਵਾ ਦਫ਼ਤਰ ਨੇ ਪਹਿਲਾਂ ਟਵੀਟ ਕਰਕੇ ਚੇਤਾਵਨੀ ਦਿੱਤੀ ਸੀ ਕਿ ਇਹ ਟੈਕਸਾਸ ਰਾਜ ਦੇ ਇਤਿਹਾਸ ਵਿੱਚ ਚੌਥਾ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਹੋਵੇਗਾ। ਯੂ.ਐੱਸ.ਜੀ.ਐੱਸ. ਦੇ ਕੋਲੋਰਾਡੋ ਵਿੱਚ ਰਾਸ਼ਟਰੀ ਭੂਚਾਲ ਸੂਚਨਾ ਕੇਂਦਰ ਦੀ ਭੂ-ਭੌਤਿਕ ਵਿਗਿਆਨੀ ਜੇਨਾ ਪਰਸਲੇ ਨੇ ਕਿਹਾ ਕਿ ਭੂਚਾਲ ਦੇ ਝਟਕੇ 1,500 ਤੋਂ ਵੱਧ ਲੋਕਾਂ ਨੇ ਮਹਿਸੂਸ ਕੀਤੇ। ਉਨ੍ਹਾਂ ਦੱਸਿਆ ਕਿ ਭੂਚਾਲ ਤੋਂ ਬਾਅਦ ਘੱਟ ਤੀਬਰਤਾ ਦਾ ਇੱਕ ਹੋਰ ਝਟਕਾ ਮਹਿਸੂਸ ਕੀਤਾ ਗਿਆ।