‘ਚਾਈਨਾ ਈਸਟਰਨ ਏਅਰਲਾਈਨਜ਼’ ਦੇ ਹਾਦਸਾਗ੍ਰਸਤ ਜਹਾਜ਼ ਦੇ ਹੁਣ ਤੱਕ 49,117 ਟੁਕੜੇ ਕੀਤੇ ਬਰਾਮਦ

Thursday, Mar 31, 2022 - 04:33 PM (IST)

‘ਚਾਈਨਾ ਈਸਟਰਨ ਏਅਰਲਾਈਨਜ਼’ ਦੇ ਹਾਦਸਾਗ੍ਰਸਤ ਜਹਾਜ਼ ਦੇ ਹੁਣ ਤੱਕ 49,117 ਟੁਕੜੇ ਕੀਤੇ ਬਰਾਮਦ

ਬੀਜਿੰਗ (ਏ. ਪੀ.)-‘ਚਾਈਨਾ ਈਸਟਰਨ ਏਅਰਲਾਈਨਜ਼’ ਦੇ ਕਰੈਸ਼ ਹੋਣ ਵਾਲੇ ‘ਬੋਇੰਗ 737-800’ ਜਹਾਜ਼ ਦੇ ਹੁਣ ਤੱਕ 49,000 ਤੋਂ ਵੱਧ ਟੁਕੜੇ ਬਰਾਮਦ ਕੀਤੇ ਜਾ ਚੁੱਕੇ ਹਨ। ਚੀਨੀ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਚਾਈਨਾ ਈਸਟਰਨ ਏਅਰਲਾਈਨਜ਼ ਦੀ ਉਡਾਣ MU5735 ਕੁਨਮਿੰਗ ਤੋਂ ਦੱਖਣ ਪੂਰਬੀ ਚੀਨ ਦੇ ਗੁਆਂਗਝੂ ਜਾਂਦੇ ਸਮੇਂ ਹਾਦਸਾਗ੍ਰਸਤ ਹੋ ਗਈ ਸੀ। ਇਸ ਹਾਦਸੇ ’ਚ ਜਹਾਜ਼ ’ਚ ਸਵਾਰ ਸਾਰੇ 132 ਲੋਕ ਮਾਰੇ ਗਏ ਸਨ। ਹਾਦਸੇ ਤੋਂ ਬਾਅਦ ਆਸ-ਪਾਸ ਦੇ ਇਲਾਕੇ ’ਚ ਅੱਗ ਲੱਗ ਗਈ ਸੀ। ਸਰਕਾਰੀ ਸਮਾਚਾਰ ਏਜੰਸੀ ‘ਸ਼ਿਨਹੂਆ’ ਦੇ ਅਨੁਸਾਰ ਚੀਨ ਦੇ ਨਾਗਰਿਕ ਹਵਾਬਾਜ਼ੀ ਪ੍ਰਸ਼ਾਸਨ ਦੇ ਹਵਾਬਾਜ਼ੀ ਸੁਰੱਖਿਆ ਮਾਮਲਿਆਂ ਦੇ ਨਿਰਦੇਸ਼ਕ ਝੂ ਤਾਓ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਦੱਸਿਆ ਕਿ ਬੁਝਾਓ ’ਚ 10 ਦਿਨਾਂ ਦੀ ਖੋਜ ਮੁਹਿੰਮ ਵਿਚ ਇਕ ‘ਹੌਰੀਜ਼ੌਂਟਲ ਸਟੈਬੀਲਾਈਜ਼ਰ’, ਇੰਜਣ ਅਤੇ ‘ਰਾਈਟ ਵਿੰਗ ਟਿਪ’ ਦੇ ਟੁਕੜਿਆਂ ਸਮੇਤ ਜਹਾਜ਼ ਦੇ ਕੁਝ ਮਹੱਤਵਪੂਰਨ ਹਿੱਸਿਆਂ ਦੇ ਟੁਕੜੇ ਬਰਾਮਦ ਕੀਤੇ ਗਏ ਹਨ। ਤਾਓ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।

ਇਸ ’ਚ ਜਹਾਜ਼ ਦਾ ਬਿਨਾਂ ਕਿਸੇ ਚੇਤਾਵਨੀ ਦੇ ਡਿੱਗ ਜਾਣਾ, ਡਿੱਗਣ ਤੋਂ ਬਾਅਦ ਹਵਾਈ ਆਵਾਜਾਈ ਕੰਟਰੋਲਰਾਂ ਨੂੰ ਪਾਇਲਟਾਂ ਤੋਂ ਕੋਈ ਜਵਾਬ ਨਾ ਮਿਲਣਾ ਅਤੇ ਮਲਬੇ ’ਚ ਜਹਾਜ਼ ਦੇ ਬਹੁਤ ਛੋਟੇ-ਛੋਟੇ ਟੁਕੜੇ ਮਿਲਣਾ ਸ਼ਾਮਲ ਹੈ। ਗੁਆਂਗਸ਼ੀ ਸਰਕਾਰ ਦੇ  ਇਕ ਅਧਿਕਾਰੀ ਝਾਂਗ ਜ਼ਿਹਵੇਨ ਨੇ ਕਿਹਾ ਕਿ 22,000 ਕਿਊਬਿਕ ਮੀਟਰ (8,00,000 ਕਿਊਬਿਕ ਫੁੱਟ) ਤੋਂ ਵੱਧ ਮਿੱਟੀ ਦੀ ਖੋਦਾਈ ਕੀਤੀ ਗਈ ਅਤੇ ਜਹਾਜ਼ ਦੇ 49,117 ਟੁਕੜੇ ਮਿਲੇ ਹਨ। ਘਟਨਾ ਸਥਾਨ ਤੋਂ ਕਾਫ਼ੀ ਦੂਰ, ਚੜ੍ਹਾਈ ’ਤੇ ਹੋਣ, ਇਸ ਤੋਂ ਬਾਅਦ ਮੀਂਹ ਅਤੇ ਫਿਰ ਚਿੱਕੜ ਹੋਣ ਕਾਰਨ ਤਲਾਸ਼ੀ ਮੁਹਿੰਮ ਦੌਰਾਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਝੂ ਨੇ ਕਿਹਾ ਕਿ ਮੁੱਢਲੀ ਜਾਂਚ ਰਿਪੋਰਟ ਹਾਦਸੇ ਦੇ 30 ਦਿਨਾਂ ਦੇ ਅੰਦਰ ਦਿੱਤੀ ਜਾਵੇਗੀ।


author

Manoj

Content Editor

Related News