ਕੈਨੇਡਾ ਤੋਂ ਲੁੱਟਿਆ 400 ਕਿਲੋ ਸੋਨਾ ਪੁੱਜਾ ਭਾਰਤ!

Sunday, Jul 07, 2024 - 12:31 PM (IST)

ਟੋਰਾਂਟੋ : ਟੋਰਾਂਟੋ ਦੇ ਪਿਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਲੁੱਟਿਆ ਸੋਨਾ ਭਾਰਤ ਵਿਚ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਪੀਲ ਰੀਜਨਲ ਪੁਲਸ ਨੇ ਚੁੱਪ ਚਪੀਤੇ ਪ੍ਰਵਾਨ ਕਰ ਲਿਆ ਹੈ ਕਿ ਲੁੱਟ ਦੀ ਵਾਰਦਾਤ ਤੋਂ ਤੁਰਤ ਬਾਅਦ 400 ਕਿਲੋ ਸੋਨੇ ਵਿਚੋਂ ਵੱਡਾ ਹਿੱਸਾ ਸਾਊਥ ਏਸ਼ੀਆ ਜਾਂ ਮੱਧ ਪੂਰਬ ਦੇ ਮੁਲਕਾਂ ਵਿਚ ਪਹੁੰਚਾ ਦਿੱਤਾ ਗਿਆ। ਦੂਜੇ ਪਾਸੇ ਦੋ ਕਰੋੜ ਡਾਲਰ ਮੁੱਲ ਦਾ ਸੋਨਾ ਲੱਭਣ ਵਿਚ ਜੁਟੀ ਪੁਲਸ ਹੁਣ ਤੱਕ 53 ਲੱਖ ਡਾਲਰ ਖਰਚ ਕਰ ਚੁੱਕੀ ਹੈ ਅਤੇ ਜਲਦ ਹੀ ਅੰਕੜਾ ਇਕ ਕਰੋੜ ਡਾਲਰ ਤੱਕ ਪੁੱਜ ਸਕਦਾ ਹੈ।

ਸੋਨਾ ਭਾਰਤ ਜਾਂ ਦੁਬਈ ਵਿਚ ਹੋਣ ਦੀ ਗੱਲ ਪ੍ਰਵਾਨ ਕਰਨ ਤੋਂ ਇਲਾਵਾ ਪੁਲਸ ਇਹ ਵੀ ਮੰਨ ਰਹੀ ਹੈ ਕਿ ਸੋਨੇ ਦੀਆਂ 6,600 ਇੱਟਾਂ ਦੀ ਕੀਮਤ 3 ਕਰੋੜ 40 ਲੱਖ ਡਾਲਰ ਹੋ ਸਕਦੀ ਹੈ। ਡਿਟੈਕਟਿਵ ਸਾਰਜੈਂਟ ਮਾਈਕ ਮੈਵਿਟੀ ਨੇ ਪੀਲ ਪੁਲਸ ਪੁਲਿਸ ਸੇਵਾ ਬੋਰਡ ਦੀ ਸੁਣਵਾਈ ਦੌਰਾਨ ਕਿਹਾ ਕਿ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸੋਨੇ ਦੀ ਕੀਮਤ ਕਿੰਨੀ ਹੈ ਕਿਉਂਕਿ ਪੁਲਸ ਦੇ ਨਜ਼ਰੀਏ ਤੋਂ ਇਹ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਚੋਰੀ ਦਾ ਮਾਮਲਾ ਹੈ। ਡਿਟੈਕਟਿਵ ਗੋਰਡ ਓਕਸ ਦਾ ਕਹਿਣਾ ਸੀ ਕਿ ਮਾਮੂਲੀ ਮਾਤਰਾ ਵਿਚ ਸੋਨਾ ਗਹਿਣਿਆਂ ਦੀ ਇਕ ਦੁਕਾਨ ਵਿਚ ਪਿਘਲਾਇਆ ਗਿਆ ਅਤੇ ਕਿਸੇ ਵੀ ਮੌਕੇ ’ਤੇ ਪੁਲਸ ਨੇ ਇਹ ਦਾਅਵਾ ਨਹੀਂ ਕੀਤਾ ਕਿ 400 ਕਿਲੋ ਸੋਨਾ ਛੋਟੀ ਜਿਹੀ ਦੁਕਾਨ ਵਿਚ ਮੈਲਟ ਕੀਤਾ ਜਾ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਲੁੱਟ ਦੀ ਵਾਰਦਾਤ ਤੋਂ ਪੂਰਾ ਇਕ ਸਾਲ ਬਾਅਦ ਪੁਲਸ ਨੇ ਪ੍ਰੈਸ ਕਾਨਫਰੰਸ ਸੱਦੀ ਅਤੇ 9 ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ। ਅਰਚਿਤ ਗਰੋਵਰ ਨਾਂ ਦੇ ਸ਼ੱਕੀ ਨੂੰ ਭਾਰਤ ਤੋਂ ਪਰਤਣ ਮਗਰੋਂ ਹਵਾਈ ਅੱਡੇ ’ਤੇ ਹਿਰਾਸਤ ਵਿਚ ਲਿਆ ਗਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਆਜ਼ਾਦੀ ਦਿਵਸ ਦੇ ਜਸ਼ਨ 'ਚ ਭੜਕੀ ਹਿੰਸਾ, ਹੁਣ ਤੱਕ 33 ਲੋਕਾਂ ਦੀ ਮੌਤ 

ਪੁਲਸ ਤੋਂ ਹਾਸਲ ਤਾਜ਼ਾ ਵੇਰਵਿਆਂ ਮੁਤਾਬਕ ਅਰਚਿਤ ਗਰੋਵਰ ਉਸ ਟਰੱਕ ਦਾ ਮਾਲਕ ਹੈ ਜਿਸ ਦੀ ਵਰਤੋਂ ਲੁੱਟ ਦੌਰਾਨ ਕੀਤੀ ਗਈ। ਵਾਰਦਾਤ ਮਗਰੋਂ ਅਰਚਿਤ ਦੇ ਕਜ਼ਨ ਅਮਿਤ ਜਲੋਟਾ ਵੱਲੋਂ ਕਥਿਤ ਤੌਰ ’ਤੇ ਸੋਨੇ ਦੀ ਰਾਖੀ ਦਾ ਕੰਮ ਸੰਭਾਲਿਆ ਗਿਆ ਅਤੇ ਅਰਸਲਾਨ ਚੌਧਰੀ ਨੇ ਉਸ ਦਾ ਸਾਥ ਦਿਤਾ। ਮਿਸੀਸਾਗਾ ਵਿਖੇ ਗਹਿਣਿਆਂ ਦੀ ਦੁਕਾਨ ਅਲੀ ਰਜ਼ਾ ਦੀ ਹੈ ਜਿਥੇ ਮਾਮੂਲੀ ਮਾਤਰਾ ਵਿਚ ਸੋਨੇ ਦਾ ਰੂਪ ਬਦਲਿਆ ਗਿਆ। 400 ਕਿਲੋ ਸੋਨਾ ਲੁੱਟਣ ਦੇ ਮਾਮਲੇ ਦੀ ਪੜਤਾਲ ’ਤੇ ਖਰਚਾ ਵੀ ਬਹੁਤ ਜ਼ਿਆਦਾ ਹੋਇਆ ਹੈ। ਪ੍ਰੌਜੈਕਟ 24 ਕੈਰਟ ਅਧੀਨ ਹੁਣ ਤੱਕ 53 ਲੱਖ ਡਾਲਰ ਖਰਚ ਹੋ ਚੁੱਕੇ ਹਨ ਅਤੇ ਰਕਮ ਇਕ ਕਰੋੜ ਡਾਲਰ ਤੱਕ ਪਹੁੰਚ ਸਕਦੀ ਹੈ। ਪੜਤਾਲ ਵਿਚ ਜੁਟੇ ਅਫਸਰ 28 ਹਜ਼ਾਰ ਘੰਟੇ ਸਾਧਾਰਣ ਤੌਰ ’ਤੇ 9,500 ਘੰਟੇ ਦਾ ਓਵਰ ਟਾਈਮ ਲਾ ਚੁੱਕੇ ਹਨ।

ਜ਼ਿਕਰਯੋਗ ਕਿ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਲੁੱਟ ਦੇ ਮਾਮਲੇ ਵਿਚ ਲੋੜੀਂਦਾ ਸਿਮਰਨ ਪ੍ਰੀਤ ਪਨੇਸਰ ਜਲਦ ਹੀ ਪੁਲਸ ਅੱਗੇ ਆਤਮ ਸਮਰਪਣ ਕਰਨ ਦੀ ਹਾਮੀ ਭਰ ਚੁੱਕਾ ਹੈ। ਵਾਰੰਟ ਜਾਰੀ ਹੋਣ ਮਗਰੋਂ ਸਿਮਰਨ ਪ੍ਰੀਤ ਦੇ ਵਕੀਲ ਗ੍ਰੈਗ ਲਾਫੌਨਟੇਨ ਨੇ ਕਿਹਾ ਸੀ ਕਿ ਉਸ ਦਾ ਮੁਵੱਕਲ ਬੇਦਾਗ ਸਾਬਤ ਹੋਵੇਗਾ। ਲਾਫੌਨਟੇਨ ਆਪਣੇ ਮੁਵੱਕਲ ਦੀ ਇੱਛਾ ਬਾਰੇ ਪੀਲ ਰੀਜਨਲ ਪੁਲਸ ਅਤੇ ਕ੍ਰਾਊਨ ਪ੍ਰੌਸੀਕਿਊਟਰ ਨੂੰ ਜਾਣੂ ਕਰਵਾ ਚੁੱਕੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਅਗਲੇ ਕੁਝ ਹਫਤਿਆਂ ਵਿਚ ਉਹ ਕੈਨੇਡਾ ਪਰਤ ਆਵੇਗਾ ਪਰ ਹੁਣ ਸੋਨਾ ਵੀ ਭਾਰਤ ਵਿਚ ਹੋਣ ਦੀ ਗੱਲ ਸਾਹਮਣੇ ਆਉਣ ਮਗਰੋਂ ਮਾਮਲਾ ਹੋਰ ਗੁੰਝਲਦਾਰ ਬਣ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News