ਖ਼ਤਰਨਾਕ ਜਾਨਵਰਾਂ ਨਾਲ ਭਰੇ ਜੰਗਲ 'ਚ 6 ਦਿਨ ਤੱਕ ਰਿਹਾ 4 ਸਾਲ ਦਾ ਬੱਚਾ, ਇੰਝ ਬਚੀ ਜਾਨ
Thursday, Dec 08, 2022 - 06:22 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਸੰਘਣੇ ਜੰਗਲ ਵਿੱਚ ਬਿਨਾਂ ਕਿਸੇ ਸਾਥੀ ਦੇ ਰਹਿਣਾ ਬਹੁਤ ਔਖਾ ਹੁੰਦਾ ਹੈ। ਅਜਿਹੇ 'ਚ ਜੇਕਰ ਕੋਈ ਛੋਟਾ ਬੱਚਾ ਜੰਗਲ 'ਚ ਫਸ ਜਾਵੇ ਤਾਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਦਾ ਕੀ ਹਾਲ ਹੋਇਆ ਹੋਵੇਗਾ?ਇਸੇ ਤਰ੍ਹਾਂ ਦਾ ਇਕ ਮਾਮਲਾ ਅਫਰੀਕਾ ਤੋਂ ਸਾਹਮਣੇ ਆਇਆ ਹੈ। ਇੱਥੇ ਅਫਰੀਕਾ ਦੇ ਸੰਘਣੇ ਜੰਗਲਾਂ 'ਚ ਵੱਖ-ਵੱਖ ਤਰ੍ਹਾਂ ਦੇ ਖਤਰਨਾਕ ਜਾਨਵਰ ਰਹਿੰਦੇ ਹਨ, ਜੋ ਕਿਸੇ ਵੱਡੇ ਵਿਅਕਤੀ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦੇ ਹਨ। ਅਜਿਹੇ ਜੰਗਲ 'ਚ ਇਕ 4 ਸਾਲ ਦਾ ਬੱਚਾ ਫਸ ਗਿਆ, ਪਰ ਉਸ ਨਾਲ ਅਖੀਰ ਵਿਚ ਕੀ ਹੋਇਆ, ਇਸ ਬਾਰੇ ਪੜ੍ਹ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਇਹ ਘਟਨਾ ਕੀਨੀਆ ਦੇ ਸਾਵੇ ਈਸਟ ਵਾਈਲਡਲਾਈਫ ਪ੍ਰੀਜ਼ਰਵ ਦੀ ਹੈ, ਜਿੱਥੇ ਇਹ ਬੱਚਾ ਆਪਣੇ ਪਰਿਵਾਰ ਤੋਂ ਵੱਖ ਹੋਣ ਤੋਂ ਬਾਅਦ ਪਹੁੰਚਿਆ ਸੀ। ਅਫ਼ਰੀਕਾ ਦੇ ਸੰਘਣੇ ਜੰਗਲ ਵਿੱਚ 4 ਸਾਲ ਦਾ ਇਹ ਬੱਚਾ ਕੁੱਲ 6 ਦਿਨਾਂ ਤੱਕ ਰਿਹਾ। ਇਸ ਜੰਗਲ ਵਿਚ ਭੁੱਖੇ ਹਯਾਨਾ ਅਤੇ ਬਘਿਆੜ ਵੀ ਮੌਜੂਦ ਸਨ, ਇਸ ਲਈ ਇਸ ਬੱਚੇ ਦੀ ਵਾਪਸੀ ਆਪਣੇ ਆਪ ਵਿਚ ਇਕ ਚਮਤਕਾਰ ਮੰਨਿਆ ਜਾ ਰਿਹਾ ਹੈ। ਇੰਨੇ ਦਿਨਾਂ ਬਾਅਦ ਕਿਸੇ ਨੂੰ ਉਮੀਦ ਨਹੀਂ ਸੀ ਕਿ ਬੱਚਾ ਜ਼ਿੰਦਾ ਹੋਵੇਗਾ ਪਰ ਬਚਾਅ ਟੀਮ ਨੇ ਉਸ ਨੂੰ ਲੱਭ ਲਿਆ।
ਭੁੱਖੇ ਜੰਗਲੀ ਜਾਨਵਰਾਂ ਵਿਚਕਾਰ ਰਿਹਾ ਬੱਚਾ
ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਬੱਚੇ ਦਾ ਘਰ Asa ਵਿੱਚ ਸੀ, ਜਿੱਥੋਂ ਉਹ ਤੂਫਾਨ ਦੌਰਾਨ ਆਪਣੇ ਭਰਾ ਤੋਂ ਵਿਛੜ ਕੇ 11 ਮੀਲ ਦੂਰ ਜੰਗਲ ਵਿੱਚ ਪਹੁੰਚ ਗਿਆ। ਸ਼ੈਲਡਰਿਕ ਵਾਈਲਡਲਾਈਫ ਟਰੱਸਟ ਨਾਲ ਸੰਪਰਕ ਕਰਨ ਤੋਂ ਬਾਅਦ 70 ਲੋਕਾਂ ਦੀ ਸਰਚ ਪਾਰਟੀ ਨੇ ਪੂਰੇ ਜੰਗਲ ਦੀ ਤਲਾਸ਼ੀ ਲਈ। ਜਿਵੇਂ-ਜਿਵੇਂ ਦਿਨ ਬੀਤਦੇ ਗਏ, ਲੋਕਾਂ ਨੂੰ ਯਕੀਨ ਹੋ ਗਿਆ ਕਿ ਬੱਚਾ ਜ਼ਿੰਦਾ ਨਹੀਂ ਹੈ ਕਿਉਂਕਿ ਇਸ ਜੰਗਲ ਵਿੱਚ ਬਹੁਤ ਸਾਰੇ ਭੁੱਖੇ ਜੰਗਲੀ ਜਾਨਵਰ ਰਹਿੰਦੇ ਸਨ। ਕੁਝ ਦਿਨ ਪਹਿਲਾਂ ਇੱਥੇ ਹੜ੍ਹ ਆਇਆ ਸੀ, ਅਜਿਹੇ ਵਿੱਚ ਸਾਰੇ ਜਾਨਵਰ ਆਪਣੇ ਸ਼ਿਕਾਰ ਦੀ ਭਾਲ ਵਿੱਚ ਘੁੰਮ ਰਹੇ ਸਨ। ਬੱਚਾ ਬਹੁਤ ਛੋਟਾ ਸੀ, ਇਸ ਲਈ ਸਭ ਨੇ ਉਸਦੇ ਬਚਣ ਦੀ ਉਮੀਦ ਛੱਡ ਦਿੱਤੀ ਸੀ, ਜਦੋਂ ਇੱਕ ਚਮਤਕਾਰ ਹੋ ਗਿਆ।
ਬੱਚਾ ਜੰਗਲ ਵਿੱਚ ਸੈਰ ਕਰਦਾ ਮਿਲਿਆ
ਪੜ੍ਹੋ ਇਹ ਅਹਿਮ ਖ਼ਬਰ-ਯੂਕੇ 'ਚ ਕਿੰਗ ਚਾਰਲਸ ਦੀ ਤਸਵੀਰ ਵਾਲਾ ਪਹਿਲਾ 'ਸਿੱਕਾ' ਜਾਰੀ
ਪਾਇਲਟ ਰੋਅਨ ਕੈਰ-ਹਾਰਟਲੇ, ਜੋ ਇਲਾਕੇ ਵਿੱਚ ਬੱਚੇ ਦੀ ਭਾਲ ਕਰ ਰਹੀ ਪਾਰਟੀ ਦਾ ਹਿੱਸਾ ਸੀ, ਨੇ ਛੋਟੇ ਬੱਚੇ ਨੂੰ ਝਾੜੀਆਂ ਅਤੇ ਦਰੱਖਤਾਂ ਵਿੱਚ ਦੇਖਿਆ। ਉਸ ਸਮੇਂ ਉਸ ਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਪਰ ਬੱਚਾ 6 ਦਿਨਾਂ ਤੱਕ ਜੰਗਲੀ ਜਾਨਵਰਾਂ ਨਾਲ ਘਿਰੇ ਰਹਿਣ ਦੇ ਬਾਵਜੂਦ ਜ਼ਿੰਦਾ ਸੀ ਅਤੇ ਘੁੰਮ ਰਿਹਾ ਸੀ। ਉਹ ਇੱਕ ਹਫ਼ਤੇ ਤੋਂ ਬਿਨਾਂ ਕੁਝ ਖਾਏ-ਪੀਏ ਬਹੁਤ ਕਮਜ਼ੋਰ ਅਤੇ ਕੁਪੋਸ਼ਿਤ ਹੋ ਗਿਆ ਸੀ। ਉਸ ਨੂੰ ਤਰ੍ਹਾਂ-ਤਰ੍ਹਾਂ ਦੇ ਕੀੜਿਆਂ ਨੇ ਡੰਗ ਮਾਰਿਆ ਸੀ। ਇਸ ਹਾਲਤ 'ਚ ਉਸ ਨੂੰ ਹਸਪਤਾਲ 'ਚ ਦਾਖਲ਼ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਗਿਆ। ਜਦੋਂ ਤੋਂ ਪਾਇਲਟ ਨੇ ਉਸਨੂੰ ਲੱਭ ਲਿਆ ਅਤੇ ਉਸਦੀ ਜਾਨ ਬਚਾਈ, ਲੋਕਾਂ ਨੇ ਉਸਦਾ ਨਾਮ 'ਪਾਇਲਟ' ਰੱਖ ਦਿੱਤਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।