ਝੱੜਪ ''ਚ 4 ਮਹੀਨਿਆਂ ਦੀ ਬੱਚੀ ਤੇ 1 ਵਿਅਕਤੀ ਜ਼ਖਮੀ, ਔਰਤ ਗ੍ਰਿਫਤਾਰ
Friday, Dec 15, 2017 - 05:22 AM (IST)

ਟੋਰਾਂਟੋ- ਟੋਰਾਂਟੋ ਦੇ ਪੱਛਮੀ ਖੇਤਰ 'ਚ ਹੋਈ ਝੜੱਪ ਤੋਂ ਬਾਅਦ 4 ਮਹੀਨਿਆਂ ਦੀ ਇੱਕ ਬੱਚੀ ਅਤੇ ਇੱਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਇਸ ਦੇ ਨਾਲ ਹੀ ਇੱਕ ਜ਼ਖ਼ਮੀ ਹੋਈ ਔਰਤ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।
ਜ਼ਖ਼ਮੀ ਬੱਚੀ ਨੂੰ ਸਿੱਕ ਕਿਡਜ਼ ਹਾਸਪਿਟਲ 'ਚ ਦਾਖਲ ਕਰਵਾਇਆ ਗਿਆ ਅਤੇ ਉਸ ਦੀ ਹਾਲਤ ਗੰਭੀਰ ਦੱਸੀ ਗਈ ਹੈ। ਇਸ ਘਟਨਾਕ੍ਰਮ 'ਚ ਜ਼ਖ਼ਮੀ ਹੋਏ ਵਿਅਕਤੀ ਨੂੰ ਸੇਂਟ ਮਾਈਕਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ। ਉਸ ਵਿਅਕਤੀ 'ਤੇ ਚਾਕੂ ਨਾਲ ਵਾਰ ਕੀਤੇ ਗਏ। ਪੁਲਿਸ ਨੇ ਦੱਸਿਆ ਕਿ ਬੱਚੀ 'ਤੇ ਚਾਕੂ ਨਾਲ ਵਾਰ ਨਹੀਂ ਕੀਤੇ ਗਏ।
ਇਸ ਘਟਨਾ ਤੋਂ ਫੌਰਨ ਬਾਅਦ ਹੀ ਇੱਕ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਬਾਅਦ 'ਚ ਉਸ ਨੂੰ ਗੰਭੀਰ ਸੱਟਾਂ ਕਾਰਨ ਹਸਪਤਾਲ ਲਿਜਾਇਆ ਗਿਆ ਪਰ ਉਸ ਦੀਆਂ ਸੱਟਾਂ ਜਾਨਲੇਵਾ ਨਹੀਂ ਸਨ। ਪੁਲਸ ਨੇ ਦੱਸਿਆ ਕਿ ਉਹ ਔਰਤ ਮੌਕਾ ਏ ਵਾਰਦਾਤ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਘਟਨਾ ਇਟੋਬੀਕੋ 'ਚ ਸਰਵੇਅ ਗਾਰਡਨਜ਼ ਰੋਡ ਅਤੇ ਇਵਾਨਜ਼ ਰੋਡ ਨੇੜੇ ਇੱਕ ਕੌਂਡੋ 'ਚ ਵਾਪਰੀ। ਪੁਲਿਸ ਨੇ ਦੱਸਿਆ ਕਿ ਇਸ ਘਟਨਾ 'ਚ ਕੌਂਡੋ 'ਚ ਰਹਿਣ ਵਾਲੇ ਹੋਰ ਲੋਕ ਵੀ ਸ਼ਾਮਲ ਹੋ ਸਕਦੇ ਹਨ। ਮਾਮਲੇ ਦੇ ਤਿੰਨ ਐਂਗਲ ਪੁਲਸ ਨੂੰ ਨਜ਼ਰ ਆ ਰਹੇ ਹਨ।
ਪੁਲਸ ਨੇ ਦੱਸਿਆ ਕਿ ਕਿਸੇ ਨੇ ਉਨ੍ਹਾਂ ਨੂੰ ਸਵੇਰੇ 8:35 'ਤੇ ਕਾਲ ਕਰਕੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ। ਕਾਲ ਕਰਨ ਵਾਲੇ ਨੇ ਦੱਸਿਆ ਕਿ ਇੱਕ ਬੱਚੀ ਅਤੇ ਵਿਅਕਤੀ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ। ਪੁਲਸ ਨੇ ਫਿਰ ਆਖਿਆ ਕਿ ਬੱਚੀ 'ਤੇ ਚਾਕੂ ਨਾਲ ਵਾਰ ਨਹੀਂ ਕੀਤੇ ਗਏ ਸਗੋਂ ਉਸ 'ਤੇ ਹੋਰ ਤਰ੍ਹਾਂ ਦਾ ਹਮਲਾ ਹੋਇਆ ਹੈ।