ਜੰਗ ਤੋਂ ਪਹਿਲਾਂ ਪ੍ਰਮਾਣੂ ਹਥਿਆਰ ਬਣਾ ਰਿਹਾ ਸੀ ਈਰਾਨ, ਇਸ ਦਾ ਕੋਈ ਸਬੂਤ ਨਹੀਂ : ਜੋ ਕੈਂਟ
Sunday, May 10, 2026 - 03:59 AM (IST)
ਵਾਸ਼ਿੰਗਟਨ - ਅਮਰੀਕਾ ਦੇ ਸਾਬਕਾ ਰਾਸ਼ਟਰੀ ਅੱਤਵਾਦ ਵਿਰੋਧੀ ਕੇਂਦਰ (ਐੱਨ.ਸੀ.ਟੀ.ਸੀ.) ਦੇ ਮੁਖੀ ਜੋ ਕੈਂਟ ਨੇ ਦਾਅਵਾ ਕੀਤਾ ਹੈ ਕਿ ਹਾਲੀਆ ਜੰਗ ਤੋਂ ਪਹਿਲਾਂ ਅਮਰੀਕੀ ਖ਼ੁਫ਼ੀਆ ਏਜੰਸੀਆਂ ਦਾ ਅੰਦਾਜ਼ਾ ਸੀ ਕਿ ਈਰਾਨ ਪ੍ਰਮਾਣੂ ਹਥਿਆਰ ਵਿਕਸਿਤ ਨਹੀਂ ਕਰ ਰਿਹਾ ਸੀ। ਕੈਂਟ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਸੀ.ਆਈ.ਏ. ਸਮੇਤ ਸਾਰੀਆਂ ਅਮਰੀਕੀ ਖ਼ੁਫ਼ੀਆ ਏਜੰਸੀਆਂ ਇਸ ਗੱਲ ’ਤੇ ਸਹਿਮਤ ਸਨ ਕਿ ਈਰਾਨ ਪ੍ਰਮਾਣੂ ਹਥਿਆਰ ਨਹੀਂ ਬਣਾ ਰਿਹਾ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਹਮਲੇ ਦੀ ਸਥਿਤੀ ਵਿਚ ਇਹ ਖ਼ਦਸ਼ਾ ਸੀ ਕਿ ਈਰਾਨ ਖੇਤਰ ਵਿਚ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਏਗਾ ਅਤੇ ਹੋਰਮੁਜ਼ ਸਟ੍ਰੇਟ ਦੇ ਰਸਤੇ ਵਿਚ ਰੁਕਾਵਟ ਪਾਵੇਗਾ।
ਉਨ੍ਹਾਂ ਲਿਖਿਆ ਕਿ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਸੀ.ਆਈ.ਏ. ਸਮੇਤ ਅਮਰੀਕੀ ਖ਼ੁਫ਼ੀਆ ਏਜੰਸੀਆਂ ਇਸ ਗੱਲ ’ਤੇ ਸਹਿਮਤ ਸਨ ਕਿ ਈਰਾਨ ਪ੍ਰਮਾਣੂ ਹਥਿਆਰ ਨਹੀਂ ਬਣਾ ਰਿਹਾ। ਕੈਂਟ ਨੇ ਦੋਸ਼ ਲਾਇਆ ਕਿ ਇਜ਼ਰਾਈਲ ਨੇ ਅਮਰੀਕੀ ਨੀਤੀ ਨਿਰਧਾਰਨ ਨੂੰ ਪ੍ਰਭਾਵਿਤ ਕੀਤਾ ਅਤੇ ਬਹਿਸ ਜਿੱਤ ਕੇ ਸਾਨੂੰ ਇਸ ਜੰਗ ਵਿਚ ਧੱਕ ਦਿੱਤਾ। ਉਨ੍ਹਾਂ ਕਿਹਾ ਕਿ ਉਹ ਸਿਧਾਂਤਕ ਰੂਪ ਵਿਚ ਈਰਾਨ ਜੰਗ ਦਾ ਸਮਰਥਨ ਨਹੀਂ ਕਰ ਸਕਦੇ। ਕੈਂਟ ਨੇ ਦੱਸਿਆ ਕਿ ਉਨ੍ਹਾਂ ਨੇ ਮਾਰਚ ਵਿਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਕਿਉਂਕਿ ਉਹ ਇਸ ਜੰਗ ਦਾ ਵਿਰੋਧ ਕਰ ਰਹੇ ਸਨ।
