ਖਾੜੀ ਦੇਸ਼ਾਂ 'ਚ ਮੁੜ ਵਧਿਆ ਤਣਾਅ; UAE 'ਤੇ ਮਿਜ਼ਾਈਲ ਤੇ ਡਰੋਨ ਹਮਲੇ !
Friday, May 08, 2026 - 09:59 AM (IST)
ਦੁਬਈ (ਏਪੀ) - ਖਾੜੀ ਖੇਤਰ ਵਿੱਚ ਇੱਕ ਵਾਰ ਫਿਰ ਜੰਗ ਦੇ ਬੱਦਲ ਮੰਡਰਾਉਣ ਲੱਗੇ ਹਨ। ਸੰਯੁਕਤ ਅਰਬ ਅਮੀਰਾਤ (UAE) ਦੇ ਰੱਖਿਆ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਉਸ ਦੀ ਹਵਾਈ ਰੱਖਿਆ ਪ੍ਰਣਾਲੀ ਸ਼ੁੱਕਰਵਾਰ ਤੜਕੇ ਹੋਏ ਮਿਜ਼ਾਈਲ ਅਤੇ ਡਰੋਨ ਹਮਲਿਆਂ ਦਾ "ਸਰਗਰਮੀ ਨਾਲ ਮੁਕਾਬਲਾ" ਕਰ ਰਹੀ ਹੈ। ਇਹ ਹਮਲੇ ਅਜਿਹੇ ਸਮੇਂ ਹੋਏ ਹਨ ਜਦੋਂ ਈਰਾਨ ਨਾਲ ਚੱਲ ਰਹੀ ਜੰਗ ਦੌਰਾਨ ਅਸਥਾਈ ਜੰਗਬੰਦੀ ਲਾਗੂ ਸੀ।
ਇਸ ਘਟਨਾ ਤੋਂ ਕੁਝ ਘੰਟੇ ਪਹਿਲਾਂ,ਅਮਰੀਕੀ ਫੌਜ ਨੇ ਦੱਸਿਆ ਕਿ ਉਸਨੇ ਵੀਰਵਾਰ ਰਾਤ ਨੂੰ ਹੋਰਮੁਜ਼ ਜਲਡਮਰੂ ਵਿੱਚ ਆਪਣੇ ਤਿੰਨ ਜਹਾਜ਼ਾਂ 'ਤੇ ਕੀਤੇ ਗਏ ਈਰਾਨੀ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਹੈ। 'ਯੂਐਸ ਸੈਂਟਰਲ ਕਮਾਂਡ' ਅਨੁਸਾਰ ਅਮਰੀਕੀ ਫੌਜਾਂ ਨੇ ਬਿਨਾਂ ਕਿਸੇ ਉਕਸਾਵੇ ਦੇ ਕੀਤੇ ਗਏ ਇਨ੍ਹਾਂ ਹਮਲਿਆਂ ਦੇ ਜਵਾਬ ਵਿੱਚ ਆਤਮ-ਰੱਖਿਆ ਲਈ ਉਨ੍ਹਾਂ ਈਰਾਨੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ, ਜੋ ਇਨ੍ਹਾਂ ਹਮਲਿਆਂ ਲਈ ਜ਼ਿੰਮੇਵਾਰ ਸਨ। ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਕਿਸੇ ਵੀ ਜਹਾਜ਼ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ ਅਤੇ ਉਹ ਆਪਣੇ ਬਲਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਹਨ।
ਤਾਜ਼ਾ ਹਿੰਸਾ ਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਸ਼ਿੰਗਟਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੰਗਬੰਦੀ ਅਜੇ ਵੀ ਬਰਕਰਾਰ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਈਰਾਨ ਵਿਚਕਾਰ 8 ਅਪ੍ਰੈਲ ਤੋਂ ਜੰਗਬੰਦੀ ਲਾਗੂ ਹੈ, ਹਾਲਾਂਕਿ ਪਿਛਲੇ ਮਹੀਨੇ ਪਾਕਿਸਤਾਨ ਦੀ ਵਿਚੋਲਗੀ ਹੇਠ ਹੋਈ ਗੱਲਬਾਤ ਜੰਗ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਕਿਸੇ ਸਮਝੌਤੇ 'ਤੇ ਪਹੁੰਚਣ ਵਿੱਚ ਅਸਫਲ ਰਹੀ ਸੀ।
ਯੂ.ਏ.ਈ ਸਰਕਾਰ ਨੇ ਆਪਣੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਮਲਿਆਂ ਤੋਂ ਬਾਅਦ ਡਿੱਗੇ ਹੋਏ ਮਲਬੇ ਜਾਂ ਟੁਕੜਿਆਂ ਦੇ ਕੋਲ ਨਾ ਜਾਣ, ਉਨ੍ਹਾਂ ਦੀਆਂ ਤਸਵੀਰਾਂ ਨਾ ਖਿੱਚਣ ਅਤੇ ਨਾ ਹੀ ਉਨ੍ਹਾਂ ਨੂੰ ਹੱਥ ਲਗਾਉਣ। ਅਮਰੀਕੀ ਫੌਜ ਨੇ ਕਿਹਾ ਹੈ ਕਿ ਉਹ ਤਣਾਅ ਵਧਾਉਣਾ ਨਹੀਂ ਚਾਹੁੰਦੀ, ਪਰ ਆਪਣੇ ਬਲਾਂ ਦੀ ਸੁਰੱਖਿਆ ਲਈ ਕਿਸੇ ਵੀ ਕਾਰਵਾਈ ਤੋਂ ਪਿੱਛੇ ਨਹੀਂ ਹਟੇਗੀ।ਇੱਥੇ ਦੱਸ ਦਈਏ ਕਿ ਇਹ ਸੰਘਰਸ਼ 28 ਫਰਵਰੀ ਨੂੰ ਸ਼ੁਰੂ ਹੋਇਆ ਸੀ, ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ 'ਤੇ ਹਮਲੇ ਕੀਤੇ ਸਨ।
ਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
