ਜਾਪਾਨ ''ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 35

Saturday, Sep 08, 2018 - 06:34 PM (IST)

ਜਾਪਾਨ ''ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 35

ਟੋਕੀਓ— ਜਾਪਾਨ ਦੇ ਉੱਤਰੀ ਹਿੱਸੇ 'ਚ ਆਏ ਭੂਚਾਲ ਤੋਂ ਬਾਅਦ ਲੈਂਡਸਲਾਈਡ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਸ਼ਨੀਵਾਰ ਨੂੰ 35 ਹੋ ਗਈ ਹੈ। ਹਾਲਾਂਕਿ ਹਜ਼ਾਰਾਂ ਰਾਹਤ ਤੇ ਬਚਾਅ ਕਰਮਚਾਰੀ ਚਿੱਕੜ ਤੇ ਮਲਬੇ 'ਚ ਅਜੇ ਵੀ ਲੋਕਾਂ ਦੀ ਤਲਾਸ਼ ਕਰ ਰਹੇ ਹਨ। ਮਰਨ ਵਾਲੇ ਜ਼ਿਆਦਾਤਰ ਲੋਕ ਜਾਪਾਨ ਦੇ ਛੋਟੇ ਸ਼ਹਿਰ ਆਤਸੁਮਾ ਦੇ ਰਹਿਣ ਵਾਲੇ ਸਨ। 6.6 ਤੀਬਰਤਾ ਦੇ ਭੂਚਾਲ ਤੋਂ ਬਾਅਦ ਲੈਂਡਸਲਾਈਡ 'ਚ ਆਤਸੁਮਾ 'ਚ ਇਕ ਪਹਾੜੀ ਨੇੜੇ ਦੇ ਘਰਾਂ 'ਤੇ ਜਾ ਡਿੱਗੀ ਸੀ।

ਸਰਕਾਰੀ ਪ੍ਰਸਾਰਕ ਐੱਨ.ਐੱਚ.ਕੇ. ਨੇ ਖਬਰ ਦਿੱਤੀ ਹੈ ਕਿ 35 ਲੋਕਾਂ ਦੀ ਮੌਤ ਹੋ ਗਈ ਹੈ ਤੇ ਪੰਜ ਹੋਰ ਲੋਕ ਅਜੇ ਵੀ ਲਾਪਤਾ ਹਨ। ਭੂਚਾਲ ਪ੍ਰਭਾਵਿਤ ਹੋਕਾਇਦੋ ਟਾਪੂ ਦੇ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਆਤਸੁਮਾ 'ਚ ਲਗਭਗ 600 ਲੋਕ ਜ਼ਖਮੀ ਹੋਏ ਹਨ। ਆਤਸੁਮਾ ਹਾਦਸੇ 'ਚ ਆਪਣੇ ਭਰਾ ਨੂੰ ਗੁਆਉਣ ਵਾਲੇ ਅਕੀਰਾ ਮਾਤਸੁਸ਼ਿਤਾ ਨੇ ਦੱਸਿਆ ਕਿ ਇਥੇ ਅਜਿਹਾ ਲੈਂਡਸਲਾਈਡ ਪਹਿਲਾਂ ਕਦੇ ਨਹੀਂ ਹੋਇਆ ਸੀ। ਜਦੋਂ ਤੱਕ ਮੈਂ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ ਮੈਨੂੰ ਭਰੋਸਾ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਦੇਖਿਆ ਤਾਂ ਪਤਾ ਲੱਗਿਆ ਕਿ ਕੋਈ ਵੀ ਬਚ ਨਹੀਂ ਸਕਿਆ।

ਸਰਕਾਰ ਦੇ ਇਕ ਸੀਨੀਅਰ ਬੁਲਾਰੇ ਨੇ ਦੱਸਿਆ ਕਿ ਮੌਕੇ 'ਤੇ ਰਾਹਤ ਤੇ ਬਚਾਅ ਕਾਰਜ 'ਚ 40 ਹਜ਼ਾਰ ਤੋਂ ਵਧੇਰੇ ਲੋਕ ਲੱਗੇ ਹੋਏ ਹਨ। ਉਹ ਮਲਬੇ 'ਚੋਂ ਲੋਕਾਂ ਨੂੰ ਜ਼ਿੰਦਾ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸ 'ਚ ਬੁਲਡੋਜ਼ਰ, ਖੋਜੀ ਵਾਹਨ ਤੇ 75 ਹੈਲੀਕਾਪਟਰ ਲਗਾਏ ਗਏ ਹਨ। ਬੁਲਾਰੇ ਯਾਸ਼ੀਹਿਦੇ ਯੁਗਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ 24 ਘੰਟੇ ਆਪਣੇ ਵਲੋਂ ਪੂਰੀ ਕੋਸ਼ਿਸ਼ ਕਰ ਰਹੇ ਹਨ। ਜਿਜੀ ਪ੍ਰੈੱਸ ਦੀਆਂ ਖਬਰਾਂ ਮੁਤਾਬਕ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਐਤਵਾਰ ਨੂੰ ਹੋਕਾਈਦੋ ਭੂਚਾਲ ਪ੍ਰਭਾਵਿਤਾਂ ਨਾਲ ਮੁਲਾਕਾਤ ਕਰਨਗੇ।


Related News