13 ਹਵਾਈ ਅੱਡਿਆਂ ਤੋਂ 3400 ਉੱਡਾਣਾ ਰੱਦ, 5 ਲੱਖ ਯਾਤਰੀ ਪ੍ਰਭਾਵਿਤ
Tuesday, Mar 11, 2025 - 07:39 AM (IST)
 
            
            ਇੰਟਰਨੈਸ਼ਨਲ ਡੈਸਕ : ਹਵਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਪੂਰੀ ਜਰਮਨੀ ਦੇ 13 ਪ੍ਰਮੁੱਖ ਹਵਾਈ ਅੱਡੇ ਠੱਪ ਹੋ ਗਏ ਹਨ। ਇਨ੍ਹਾਂ ਹਵਾਈ ਅੱਡਿਆਂ ਤੋਂ ਆਉਣ-ਜਾਣ ਵਾਲੀਆਂ ਲਗਭਗ ਸਾਰੀਆਂ ਹੀ ਉਡਾਣਾ ਨੂੰ ਰੱਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਜਾਣਕਾਰੀ ਮਿਲੀ ਹੈ ਕਿ ਸਾਰੇ ਹਵਾਈ ਅੱਡਿਆਂ ਦੇ ਕਰਮਚਾਰੀਆਂ ਨੇ ਇਕ ਦਿਨ ਦੀ ਦੇਸ਼ ਪੱਧਰੀ ਹੜਤਾਲ ਦਾ ਸੱਦਾ ਦਿੱਤਾ ਹੈ, ਜਿਸ ਕਾਰਨ ਸੋਮਵਾਰ ਨੂੰ ਜਰਮਨੀ ਦੇ 13 ਪ੍ਰਮੁੱਖ ਹਵਾਈ ਅੱਡਿਆਂ 'ਤੇ ਹਵਾਈ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਗਈਆਂ। ਹੜਤਾਲ ਕਰਕੇ 5 ਲੱਖ ਤੋਂ ਵੱਧ ਯਾਤਰੀਆਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਬਹੁੱਤੇ ਯਾਤਰੀਆਂ ਨੂੰ ਜਾਂ ਤਾਂ ਆਪਣੀਆਂ ਉੱਡਾਣਾਂ ਰੱਦ ਕਰਵਾਉਣੀਆਂ ਪੈ ਗਈਆਂ, ਜਾਂ ਫਿਰ ਯਾਤਰਾ ਸਮੇਂ ਵਿੱਚ ਤਬਦੀਲੀ ਕਰਨੀ ਪਈ। ਜਰਮਨੀ ਦੇ 13 ਹਵਾਈ ਅੱਡਿਆਂ ਤੋਂ ਸੰਚਾਲਿਤ 3400 ਉਡਾਣਾਂ ਰੱਦ ਕਰ ਦਿੱਤੀਆਂ ਹਈ। ਜਿਸ ਕਾਰਨ ਯੂਰਪੀ ਅਤੇ ਅੰਤਰਰਾਸ਼ਟਰੀ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ 1,116 ਉਡਾਣਾਂ ਫਰੈਂਕਫਰਟ ਹਵਾਈ ਅੱਡੇ 'ਤੇ ਰਵਾਨਾ ਹੋਣ ਅਤੇ ਆਉਣ ਵਾਲੀਆਂ ਸਨ, ਪਰ ਇਨ੍ਹਾਂ 'ਚੋਂ 1,054 ਨੂੰ ਰੱਦ ਕਰ ਦਿੱਤਾ ਗਿਆ। ਹੋਰ ਹਵਾਈ ਅੱਡਿਆਂ 'ਤੇ ਵੀ ਉਡਾਣਾਂ ਪ੍ਰਭਾਵਿਤ ਹੋਈਆਂ।
ਜਾਣਕਾਰੀ ਮੁਤਾਬਕ ਦੇਸ਼ ਭਰ ਦੇ 25 ਲੱਖ ਹਵਾਈ ਕਰਮਚਾਰੀਆਂ ਦੀ ਵਰੇਡੀ ਯੂਨੀਅਨ ਨੇ ਤਨਖਾਹ ਵਧਾਉਣ ਦੀ ਮੰਗ ਨੂੰ ਲੈ ਕੇ ਹੜਤਾਲ ਕੀਤੀ ਹੈ। ਇਸ ਹੜਤਾਲ ਵਿੱਚ ਗਰਾਊਂਡ ਸਟਾਫ, ਪਾਇਲਟ ਅਤੇ ਕੈਬਿਨ ਕਰੂ ਸਣੇ ਕਈ ਹਵਾਈ ਕਰਮਚਾਰੀ ਸ਼ਾਮਲ ਹਨ। ਯੂਨੀਅਨ ਦਾ ਕਹਿਣਾ ਹੈ ਕਿ ਵੱਧਦੀ ਮਹਿੰਗਾਈ ਕਾਰਨ ਤਨਖਾਹਾਂ ਵਿੱਚ ਵਾਧਾ ਹੋਣਾ ਲਾਜ਼ਮੀ ਹੈ ਪਰ ਉਨ੍ਹਾਂ ਦੀ ਇਸ ਮੰਗ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ। 
ਤਨਖਾਹ ਵਾਧੇ ਨੂੰ ਲੈ ਕੇ ਜਰਮਨ ਸਰਕਾਰ ਅਤੇ ਹੜਤਾਲੀ ਕਰਮਚਾਰੀ ਯੂਨੀਅਨ ਵਿਚਾਲੇ ਗੱਲਬਾਤ ਚੱਲ ਰਹੀ ਹੈ। ਯੂਨੀਅਨ ਮੰਗ ਕਰ ਰਹੀ ਹੈ ਕਿ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਸਮੇਤ 10 ਫੀਸਦੀ ਤਨਖਾਹ ਵਾਧਾ ਦਿੱਤਾ ਜਾਵੇ। ਹਾਲਾਂਕਿ ਜੇਕਰ ਸਰਕਾਰ ਅਤੇ ਯੂਨੀਅਨ ਵਿਚਾਲੇ ਜਲਦੀ ਹੀ ਕੋਈ ਸਮਝੌਤਾ ਨਾ ਹੋਇਆ ਤਾਂ ਹੜਤਾਲ ਲੰਮੀ ਹੋ ਸਕਦੀ ਹੈ। ਹੜਤਾਲ ਕਾਰਨ ਲੱਖਾਂ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਵਾਈ ਅੱਡੇ 'ਤੇ ਯਾਤਰੀਆਂ ਦੀ ਭਾਰੀ ਭੀੜ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            