ਮੱਧ ਮਾਲੀ ''ਚ ਨਾਗਰਿਕਾਂ ''ਤੇ ਹਮਲਾ, 31 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ
Sunday, Dec 05, 2021 - 11:44 AM (IST)
ਬਮਾਕੋ (ਆਈਏਐੱਨਐੱਸ): ਮੱਧ ਮਾਲੀ ਵਿੱਚ ਨਾਗਰਿਕਾਂ ਨੂੰ ਲਿਜਾ ਰਹੇ ਇੱਕ ਟਰੱਕ 'ਤੇ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸ਼ੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਸ਼ਨੀਵਾਰ ਨੂੰ ਮਾਲੀ ਦੀ ਪਰਿਵਰਤਨਸ਼ੀਲ ਸਰਕਾਰ ਦੁਆਰਾ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਣਪਛਾਤੇ ਹਥਿਆਰਬੰਦ ਡਾਕੂਆਂ ਦੇ ਇੱਕ ਸਮੂਹ ਨੇ ਸ਼ੁੱਕਰਵਾਰ ਨੂੰ ਸੋਂਗੋ ਪਿੰਡ ਦੇ ਨੇੜੇ ਇੱਕ ਮੇਲੇ ਦੇ ਮੈਦਾਨ ਵਿੱਚ ਲੋਕਾਂ ਨੂੰ ਲਿਜਾ ਰਹੇ ਇੱਕ ਟਰੱਕ 'ਤੇ ਹਮਲਾ ਕੀਤਾ ਅਤੇ ਅੱਗ ਲਗਾ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੇ 10 ਸੂਬਿਆਂ ’ਚ ਪਹੁੰਚਿਆ ਓਮੀਕ੍ਰੋਨ
ਅਪਰਾਧੀਆਂ ਨੂੰ ਟ੍ਰੈਕ ਕਰਨ ਲਈ ਖੇਤਰ ਵਿਚ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਇਸ ਘਿਣਾਉਣੇ ਅਤੇ ਦੁਖਦਾਈ ਕੰਮ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾ ਦੇਣ ਲਈ ਸਾਰੇ ਉਪਾਅ ਕਰਨ ਦਾ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਹੈ। ਮਾਲਿਆਨ ਦੇ ਅੰਤਰਿਮ ਰਾਸ਼ਟਰਪਤੀ ਅਸੀਮੀ ਗੋਇਤਾ ਨੇ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਐਤਵਾਰ ਤੋਂ ਤਿੰਨ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ।