ਹਿੰਦੂ ਨੇਤਾ ਤੇ ਬੰਗਲਾਦੇਸ਼ ਪੁਲਸ ਵਿਚਾਲੇ ਝੜਪ ''ਚ ਵਕੀਲ ਦੀ ਮੌਤ ਮਾਮਲੇ ''ਚ 30 ਸ਼ੱਕੀ ਕਾਬੂ
Wednesday, Nov 27, 2024 - 04:41 PM (IST)
ਢਾਕਾ (ਭਾਸ਼ਾ) : ਬੰਗਲਾਦੇਸ਼ ਦੇ ਚਟਗਾਂਵ ਸ਼ਹਿਰ ਵਿਚ ਇਕ ਵਕੀਲ ਦੀ ਹੱਤਿਆ ਅਤੇ ਇਕ ਪ੍ਰਮੁੱਖ ਹਿੰਦੂ ਨੇਤਾ ਦੀ ਗ੍ਰਿਫਤਾਰੀ ਨੂੰ ਲੈ ਕੇ ਸੁਰੱਖਿਆ ਕਰਮਚਾਰੀਆਂ 'ਤੇ ਹਮਲੇ ਦੇ ਦੋਸ਼ ਵਿਚ ਘੱਟ ਤੋਂ ਘੱਟ 30 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
'ਬੰਗਲਾਦੇਸ਼ ਸਮਿਸ਼ਠਾ ਸਨਾਤਨੀ ਜਾਗਰਣ ਜੋਤ' ਦੇ ਬੁਲਾਰੇ ਚਿਨਮੋਏ ਕ੍ਰਿਸ਼ਨਾ ਦਾਸ ਬ੍ਰਹਮਚਾਰੀ ਦੇ ਸਮਰਥਕਾਂ ਅਤੇ ਸੁਰੱਖਿਆ ਕਰਮੀਆਂ ਵਿਚਕਾਰ ਹੋਈ ਝੜਪ ਦੌਰਾਨ ਮੰਗਲਵਾਰ ਨੂੰ ਸਹਾਇਕ ਸਰਕਾਰੀ ਵਕੀਲ ਸੈਫੁਲ ਇਸਲਾਮ ਦੀ ਮੌਤ ਹੋ ਗਈ। ਚਿਟਾਗਾਂਵ ਦੀ ਅਦਾਲਤ ਵੱਲੋਂ ਦਾਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਅਤੇ ਦੇਸ਼ਧ੍ਰੋਹ ਦੇ ਕੇਸ 'ਚ ਜੇਲ੍ਹ ਭੇਜੇ ਜਾਣ ਤੋਂ ਬਾਅਦ ਹਿੰਸਾ ਭੜਕ ਗਈ ਸੀ। ਪੁਲਸ ਨੇ ਦੱਸਿਆ ਕਿ ਝੜਪ ਦੌਰਾਨ ਇਸਲਾਮ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਹਸਪਤਾਲ ਲਿਜਾਣ 'ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਦੇ ਬੁਲਾਰੇ ਅਨੁਸਾਰ ਚਟਗਾਂਵ ਦੇ ਬੰਦਰਗਾਹ ਸ਼ਹਿਰ ਵਿੱਚ ਇਸਲਾਮ ਦੇ ਕਤਲ ਅਤੇ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੇ ਕਰਮਚਾਰੀਆਂ 'ਤੇ ਹਮਲਾ ਕਰਨ ਦੇ ਦੋਸ਼ 'ਚ 30 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਕਰਮਚਾਰੀਆਂ 'ਤੇ ਹਮਲੇ 'ਚ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕਰ ਰਹੇ ਹਾਂ, ਜਦੋਂ ਕਿ ਬ੍ਰਹਮਚਾਰੀ ਨੂੰ ਕੱਲ੍ਹ (ਮੰਗਲਵਾਰ) ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਸੀ ਅਤੇ ਉਸ ਤੋਂ ਬਾਅਦ ਵਕੀਲ ਸੈਫੁਲ ਇਸਲਾਮ ਦੀ ਹੱਤਿਆ ਕੀਤੀ ਗਈ ਸੀ।
ਬੁਲਾਰੇ ਨੇ ਦੱਸਿਆ ਕਿ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਨੂੰ ਮੁੱਢਲੀ ਜਾਂਚ ਤੋਂ ਬਾਅਦ ਮੁਕੱਦਮੇ ਲਈ ਗ੍ਰਿਫਤਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਸ਼ੱਕੀ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਚਟਗਾਂਵ ਮੈਟਰੋਪੋਲੀਟਨ ਪੁਲਸ ਦੇ ਐਡੀਸ਼ਨਲ ਕਮਿਸ਼ਨਰ ਕਾਜ਼ੀ ਮੁਹੰਮਦ ਤਾਰਿਕ ਅਜ਼ੀਜ਼ ਨੇ ਕਿਹਾ ਕਿ ਫੌਜ, ਅਰਧ ਸੈਨਿਕ ਬਲ ਬਾਰਡਰ ਗਾਰਡ ਬੰਗਲਾਦੇਸ਼ (ਬੀਜੀਬੀ) ਅਤੇ ਪੁਲਸ ਦੁਆਰਾ ਸਾਂਝੇ ਤੌਰ 'ਤੇ ਰਾਤ ਭਰ ਕੀਤੀ ਗਈ ਛਾਪੇਮਾਰੀ 'ਚ ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਗਿਆ ਸੀ। ਦਾਸ ਨੂੰ ਸੋਮਵਾਰ ਨੂੰ ਢਾਕਾ ਦੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਇੱਕ ਰੈਲੀ 'ਚ ਸ਼ਾਮਲ ਹੋਣ ਲਈ ਚਟਗਾਂਵ ਜਾਣ ਵਾਲਾ ਸੀ।
ਅਦਾਲਤ ਵੱਲੋਂ ਮੰਗਲਵਾਰ ਨੂੰ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ, ਦਾਸ ਦੇ ਪੈਰੋਕਾਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਉਸ ਨੂੰ ਲਿਜਾ ਰਹੀ ਜੇਲ੍ਹ ਵੈਨ ਦੀ ਆਵਾਜਾਈ ਵਿੱਚ ਵਿਘਨ ਪਾਇਆ। ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪੁਲਸ ਅਤੇ ਗਵਾਹਾਂ ਨੇ ਲਾਠੀਚਾਰਜ ਕੀਤਾ, ਇਸ ਝੜਪ 'ਚ 10 ਪੁਲਸ ਕਰਮਚਾਰੀਆਂ ਸਮੇਤ ਘੱਟੋ ਘੱਟ 37 ਲੋਕ ਜ਼ਖਮੀ ਹੋ ਗਏ।
ਦਾਸ ਅੰਤਰਰਾਸ਼ਟਰੀ ਸੋਸਾਇਟੀ ਫਾਰ ਕ੍ਰਿਸ਼ਨਾ ਚੇਤਨਾ (ਇਸਕੋਨ) ਦਾ ਮੈਂਬਰ ਵੀ ਸੀ। ਇਸਕੋਨ ਨੇ ਉਸ ਨੂੰ ਹਾਲ ਹੀ ਵਿੱਚ ਕੱਢ ਦਿੱਤਾ ਸੀ। ਇਹ (ਇਸਕੋਨ, ਬੰਗਲਾਦੇਸ਼) ਨੇ ਮੰਗਲਵਾਰ ਨੂੰ ਉਸਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ। ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਦੀ ਇੱਕ ਨੇਤਾ ਦੀ ਸ਼ਿਕਾਇਤ 'ਤੇ 30 ਅਕਤੂਬਰ ਨੂੰ ਚਟਗਾਂਵ ਦੇ ਕੋਤਵਾਲੀ ਪੁਲਸ ਸਟੇਸ਼ਨ 'ਚ ਦਾਸ ਤੇ 18 ਹੋਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਉਸ 'ਤੇ 25 ਅਕਤੂਬਰ ਨੂੰ ਹਿੰਦੂ ਭਾਈਚਾਰੇ ਦੀ ਰੈਲੀ ਦੌਰਾਨ ਸ਼ਹਿਰ ਦੇ ਲਾਲਦੀਘੀ ਮੈਦਾਨ 'ਚ ਬੰਗਲਾਦੇਸ਼ ਦੇ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਦਾ ਦੋਸ਼ ਸੀ। ਦਾਸ ਦੇ ਵਕੀਲਾਂ ਨੇ ਕਿਹਾ ਕਿ ਉਹ ਚਟਗਾਂਵ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ਵਿੱਚ ਕੇਸ ਦਾਇਰ ਕਰਨਗੇ।