ਯੂ.ਐੱਸ. ਵੀਜ਼ਾ ਲਈ ਕਰਨੀ ਪੈ ਰਹੀ 3 ਸਾਲਾਂ ਦੀ ਉਡੀਕ; ਜਾਣੋ ਹੁਣ ਕਿੰਨਾ ਹੈ ਉਡੀਕ ਸਮਾਂ
Wednesday, Nov 23, 2022 - 04:01 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ) ਜੇਕਰ ਤੁਸੀਂ ਬਿਜ਼ਨਸ ਅਤੇ ਟੂਰਿਸਟ ਵੀਜ਼ਾ ਲੈਣ ਤੋਂ ਬਾਅਦ ਅਮਰੀਕਾ ਜਾਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਬੁਰੀ ਖ਼ਬਰ ਹੈ, ਕਿਉਂਕਿ ਭਾਰਤੀਆਂ ਨੂੰ ਅਮਰੀਕੀ ਵੀਜ਼ਾ ਦੀ ਅਪੁਆਇੰਟਮੈਂਟ ਲਈ ਮਹੀਨਿਆਂ ਵਿੱਚ ਨਹੀਂ, ਸਗੋਂ ਸਾਲਾਂ ਵਿੱਚ ਉਡੀਕ ਕਰਨੀ ਪਵੇਗੀ। ਭਾਰਤੀਆਂ ਨੂੰ ਯੂ.ਐੱਸ. ਵੀਜ਼ਿਆਂ - ਬੀ1 (ਕਾਰੋਬਾਰ) ਅਤੇ ਬੀ2 (ਟੂਰਿਸਟ) ਲਈ ਕਰੀਬ 3 ਸਾਲ ਤੱਕ ਦਾ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਅਮਰੀਕੀ ਵੀਜ਼ਾ ਪਾਉਣ ਦੀ ਇੱਛਾ ਕਰ ਰਹੇ ਭਾਰਤੀ ਬਿਨੈਕਾਰਾਂ ਦਾ ਇੰਤਜ਼ਾਰ ਦਾ ਸਮਾਂ 1000 ਦਿਨਾਂ ਦੇ ਕਰੀਬ ਹੈ।
ਯੂ.ਐੱਸ. ਸਟੇਟ ਡਿਪਾਰਟਮੈਂਟ ਦੀ ਵੈੱਬਸਾਈਟ 'ਤੇ ਖੋਜ ਕਰਨ ਤੋਂ ਪਤਾ ਲੱਗਦਾ ਹੈ ਕਿ ਅੱਜ ਯਾਨੀ 23 ਨਵੰਬਰ ਤੱਕ, B1/B2 ਵੀਜ਼ਾ ਇੰਟਰਵਿਊ ਲਈ ਉਡੀਕ ਸਮਾਂ 961 ਦਿਨ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਅਮਰੀਕੀ ਵੀਜ਼ੇ ਲਈ ਲੰਬੇ ਸਮੇਂ ਤੋਂ ਉਡੀਕ ਕਰਨ ਦਾ ਮੁੱਦਾ ਅਮਰੀਕਾ ਦੇ ਸਾਹਮਣੇ ਉਠਾਉਂਦਾ ਰਿਹਾ ਹੈ। ਜਵਾਬ ਵਿੱਚ ਅਮਰੀਕਾ ਦਾ ਕਹਿਣਾ ਹੈ ਕਿ ਭਾਰਤ ਅਮਰੀਕਾ ਲਈ (ਵੀਜ਼ਾ ਜਾਰੀ ਕਰਨ ਦੇ ਮਾਮਲੇ ਵਿੱਚ) ਨੰਬਰ ਇੱਕ ਤਰਜੀਹ ਹੈ।
ਅਮਰੀਕੀ ਵਿਦੇਸ਼ ਵਿਭਾਗ ਦੀ ਵੈੱਬਸਾਈਟ ਦੇ ਅਨੁਸਾਰ ਮੁੰਬਈ ਵਿੱਚ ਰਹਿਣ ਵਾਲੇ ਬਿਨੈਕਾਰਾਂ ਲਈ ਉਡੀਕ ਸਮਾਂ 999 ਦਿਨ ਹੈ, ਜਦੋਂ ਕਿ ਹੈਦਰਾਬਾਦ ਦੇ ਬਿਨੈਕਾਰਾਂ ਲਈ ਇਹ 994 ਦਿਨ ਹੈ। ਚੇਨਈ ਵਾਸੀਆਂ ਨੂੰ ਯੂਐਸ ਵੀਜ਼ਾ ਲਈ ਅਪੁਆਇੰਟਮੈਂਟ ਲਈ 948 ਦਿਨ ਉਡੀਕ ਕਰਨੀ ਪਵੇਗੀ, ਜਦੋਂ ਕਿ ਕੇਰਲ ਵਾਸੀਆਂ ਲਈ ਉਡੀਕ ਸਮਾਂ 904 ਦਿਨ ਹੈ। ਹਾਲਾਂਕਿ ਇਹ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਇਹ ਇੱਕ ਅਨੁਮਾਨ ਹੈ ਕਿਉਂਕਿ ਉਡੀਕ ਸਮਾਂ ਕਰਮਚਾਰੀਆਂ ਦੀ ਗਿਣਤੀ ਅਤੇ ਵਰਕ ਲੋਡ ਦੇ ਅਧਾਰ 'ਤੇ ਵੱਖ-ਵੱਖ ਹੋ ਸਕਦੀ ਹੈ।ਦੱਸ ਦੇਈਏ ਕਿ ਸਤੰਬਰ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅਮਰੀਕਾ ਦਾ ਦੌਰਾ ਕੀਤਾ ਸੀ ਅਤੇ ਉਸ ਦੌਰਾਨ ਉਨ੍ਹਾਂ ਨੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਕੋਲ ਵੀਜ਼ਾ ਅਰਜ਼ੀਆਂ ਦੇ ਬੈਕਲਾਗ ਦਾ ਮੁੱਦਾ ਉਠਾਇਆ ਸੀ। ਇਸ ਮੁੱਦੇ 'ਤੇ ਇਕ ਚੋਟੀ ਦੇ ਅਮਰੀਕੀ ਡਿਪਲੋਮੈਟ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਲੈ ਕੇ ਬਹੁਤ ਸੰਵੇਦਨਸ਼ੀਲ ਹਨ ਅਤੇ ਉਹ ਦੁਨੀਆ ਭਰ ਵਿਚ ਅਜਿਹੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ, ਜੋ ਕੋਵਿਡ ਕਾਰਨ ਇਕ ਚੁਣੌਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਨਰਸਿੰਗ Students ਲਈ ਪਰਿਵਾਰ ਸਮੇਤ UK ਜਾਣ ਦਾ ਸੁਨਹਿਰੀ ਮੌਕਾ, ਇੰਝ ਲਓ ਫ਼ਾਇਦਾ
ਅਮਰੀਕੀ ਦੂਤਘਰ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਅਮਰੀਕਾ ਦੇ ਵੀਜ਼ਾ ਜਾਰੀ ਕਰਨ ਦੀ ਉਡੀਕ ਦੀ ਮਿਆਦ 2023 ਦੀਆਂ ਗਰਮੀਆਂ ਤੱਕ ਘੱਟਣ ਦੀ ਸੰਭਾਵਨਾ ਹੈ ਅਤੇ ਵੀਜ਼ਾ ਅਰਜ਼ੀਆਂ ਦੀ ਗਿਣਤੀ ਲਗਭਗ 12 ਲੱਖ ਤੱਕ ਪਹੁੰਚਣ ਦੀ ਸੰਭਾਵਨਾ ਹੈ। ਅਧਿਕਾਰੀ ਨੇ ਕਿਹਾ ਕਿ ਭਾਰਤ ਅਮਰੀਕਾ (ਵੀਜ਼ਾ ਜਾਰੀ ਕਰਨ ਦੇ ਮਾਮਲੇ ਵਿੱਚ) ਲਈ ਨੰਬਰ ਇੱਕ ਤਰਜੀਹ ਹੈ। ਸਾਡਾ ਉਦੇਸ਼ ਅਗਲੇ ਸਾਲ ਦੇ ਮੱਧ ਤੱਕ ਸਥਿਤੀ ਨੂੰ ਕੋਵਿਡ-19 ਤੋਂ ਪਹਿਲਾਂ ਦੇ ਪੱਧਰ 'ਤੇ ਲਿਆਉਣਾ ਹੈ।ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਕੋਰੋਨਾ ਵਾਇਰਸ ਨਾਲ ਸਬੰਧਤ ਯਾਤਰਾ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਯੂ.ਐੱਸ. ਵੀਜ਼ਾ ਲਈ ਅਰਜ਼ੀਆਂ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਅਧਿਕਾਰੀ ਨੇ ਕਿਹਾ ਕਿ ਵੀਜ਼ਾ ਦੇਣ ਲਈ ਲੰਬੇ ਇੰਤਜ਼ਾਰ ਦੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਮਰੀਕਾ ਕਈ ਪਹਿਲਕਦਮੀਆਂ ਕਰ ਰਿਹਾ ਹੈ, ਜਿਸ ਵਿੱਚ ਹੋਰ ਕਰਮਚਾਰੀਆਂ ਦੀ ਭਰਤੀ ਅਤੇ 'ਡ੍ਰੌਪ ਬਾਕਸ' ਸੁਵਿਧਾਵਾਂ ਨੂੰ ਵਧਾਉਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਹਰ ਮਹੀਨੇ ਕਰੀਬ ਇੱਕ ਲੱਖ ਵੀਜ਼ੇ ਜਾਰੀ ਕਰਨ ਦੀ ਯੋਜਨਾ ਹੈ। ਅਮਰੀਕਾ ਨੇ ਪਿਛਲੇ ਇੱਕ ਸਾਲ ਵਿੱਚ ਕਰੀਬ 82,000 ਵੀਜ਼ੇ ਜਾਰੀ ਕੀਤੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।