ਸ਼ੇਖ ਹਸੀਨਾ ਦੀਆਂ ਵਧੀਆਂ ਮੁਸ਼ਕਲਾਂ, ਬੰਗਲਾਦੇਸ਼ ਦੇ ਇੰਟਰਨੈਸ਼ਨਲ ਕ੍ਰਿਮੀਨਲ ਟ੍ਰਿਬਿਊਨਲ ''ਚ 3 ਹੋਰ ਮਾਮਲੇ ਦਰਜ

Thursday, Aug 22, 2024 - 12:02 AM (IST)

ਸ਼ੇਖ ਹਸੀਨਾ ਦੀਆਂ ਵਧੀਆਂ ਮੁਸ਼ਕਲਾਂ, ਬੰਗਲਾਦੇਸ਼ ਦੇ ਇੰਟਰਨੈਸ਼ਨਲ ਕ੍ਰਿਮੀਨਲ ਟ੍ਰਿਬਿਊਨਲ ''ਚ 3 ਹੋਰ ਮਾਮਲੇ ਦਰਜ

ਢਾਕਾ (ਭਾਸ਼ਾ) : ਬੰਗਲਾਦੇਸ਼ ਦੇ ਇੰਟਰਨੈਸ਼ਨਲ ਕ੍ਰਿਮੀਨਲ ਟ੍ਰਿਬਿਊਨਲ ਵਿਚ ਬੁੱਧਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖਿਲਾਫ ਘੱਟ ਤੋਂ ਘੱਟ 3 ਹੋਰ ਮਾਮਲੇ ਦਰਜ ਕੀਤੇ ਗਏ। ਇਨ੍ਹਾਂ 'ਚ ਬੇਦਖਲ ਪ੍ਰਧਾਨ ਮੰਤਰੀ 'ਤੇ ਦੇਸ਼ 'ਚ ਹਾਲ ਹੀ 'ਚ ਹੋਏ ਰਾਖਵੇਂਕਰਨ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਮਨੁੱਖਤਾ ਵਿਰੁੱਧ ਅਪਰਾਧਾਂ ਅਤੇ ਨਸਲਕੁਸ਼ੀ ਦੇ ਦੋਸ਼ ਲਾਏ ਗਏ ਹਨ। 

'ਦ ਡੇਲੀ ਸਟਾਰ' ਅਖਬਾਰ ਦੀ ਰਿਪੋਰਟ ਮੁਤਾਬਕ, ਦੋ ਵਕੀਲਾਂ ਨੇ ਤਿੰਨ ਵਿਦਿਆਰਥੀਆਂ ਦੇ ਮਾਪਿਆਂ ਦੀ ਤਰਫੋਂ ਤਿੰਨ ਵੱਖ-ਵੱਖ ਸ਼ਿਕਾਇਤਾਂ ਦਰਜ ਕੀਤੀਆਂ ਸਨ, ਜਿਨ੍ਹਾਂ ਦੀ ਮੌਤ ਸਰਕਾਰੀ ਨੌਕਰੀਆਂ ਵਿਚ ਵਿਵਾਦਪੂਰਨ ਕੋਟਾ ਪ੍ਰਣਾਲੀ ਦੇ ਖਿਲਾਫ ਵਿਦਿਆਰਥੀਆਂ ਦੁਆਰਾ ਕੀਤੇ ਗਏ ਵਿਸ਼ਾਲ ਵਿਰੋਧ ਪ੍ਰਦਰਸ਼ਨ ਦੌਰਾਨ ਹੋਈ ਸੀ। ਇਹ ਵਿਰੋਧ ਬਾਅਦ ਵਿਚ ਇਕ ਵੱਡੀ ਬਗਾਵਤ ਵਿਚ ਬਦਲ ਗਿਆ, ਜਿਸ ਕਾਰਨ ਹਸੀਨਾ ਨੂੰ 5 ਅਗਸਤ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਸੁਪਰੀਮ ਕੋਰਟ ਦੇ ਵਕੀਲ ਹੁਜਤੁਲ ਇਸਲਾਮ ਖਾਨ ਨੇ ਫੋਜ਼ਲ ਅਹਿਮਦ ਸ਼ਾਂਤਾ ਦੇ ਪਿਤਾ ਦੀ ਤਰਫੋਂ ਇਹ ਸ਼ਿਕਾਇਤ ਦਰਜ ਕਰਵਾਈ ਹੈ। ਸ਼ਾਂਤਾ ਦੀ 16 ਜੁਲਾਈ ਨੂੰ ਚਟਗਾਓਂ ਦੇ ਪੰਚਲਾਈਸ਼ ਥਾਣੇ ਅਧੀਨ ਪੈਂਦੇ ਮੁਰਾਦਪੁਰ ਇਲਾਕੇ 'ਚ ਦੋਸ਼ੀਆਂ ਦੇ ਨਿਰਦੇਸ਼ਾਂ 'ਤੇ ਹੱਤਿਆ ਕਰ ਦਿੱਤੀ ਗਈ ਸੀ। ਸ਼ਿਕਾਇਤ 'ਚ 76 ਸਾਲਾ ਹਸੀਨਾ ਅਤੇ ਅਵਾਮੀ ਲੀਗ ਦੇ ਨੇਤਾਵਾਂ ਅਤੇ ਮੰਤਰੀਆਂ ਸਮੇਤ 76 ਹੋਰਾਂ ਨੂੰ ਦੋਸ਼ੀ ਬਣਾਇਆ ਗਿਆ ਹੈ। ਬੰਗਲਾਦੇਸ਼ ਦੀ ਸਿਖਰਲੀ ਅਦਾਲਤ ਦੇ ਇਕ ਹੋਰ ਵਕੀਲ ਅਸਦੁਜ਼ਮਾਨ ਨੇ ਸ਼ੇਖ ਸ਼ਹਰਯਾਰ ਬਿਨ ਮਤੀਨ ਦੇ ਪਿਤਾ ਦੀ ਤਰਫ਼ੋਂ ਇਹ ਸ਼ਿਕਾਇਤ ਦਰਜ ਕਰਵਾਈ ਹੈ। ਮਤੀਨ ਨੂੰ 18 ਜੁਲਾਈ ਨੂੰ ਮੀਰਪੁਰ ਵਿਚ ਪੁਲਸ ਨੇ ਗੋਲੀ ਮਾਰ ਦਿੱਤੀ ਸੀ ਅਤੇ ਦੋ ਦਿਨ ਬਾਅਦ ਉਸ ਦੀ ਮੌਤ ਹੋ ਗਈ ਸੀ। 

ਇਹ ਵੀ ਪੜ੍ਹੋ : ਜ਼ੋਮੈਟੋ ਨੂੰ 2,048 ਕਰੋੜ ਰੁਪਏ 'ਚ ਪੇਟੀਐੱਮ ਵੇਚੇਗੀ ਆਪਣਾ ਫਿਲਮ ਟਿਕਟਿੰਗ ਕਾਰੋਬਾਰ

ਹਸੀਨਾ ਤੋਂ ਇਲਾਵਾ ਅਵਾਮੀ ਲੀਗ ਦੀ ਅਗਵਾਈ ਵਾਲੇ ਗੱਠਜੋੜ ਦੇ ਪ੍ਰਮੁੱਖ ਨੇਤਾਵਾਂ, ਸਾਬਕਾ ਮੰਤਰੀਆਂ, ਪੁਲਸ ਮੈਂਬਰਾਂ ਸਮੇਤ 49 ਹੋਰਾਂ ਨੂੰ ਸ਼ਿਕਾਇਤ ਵਿਚ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਅਸਦੁਜ਼ਮਾਨ ਨੇ ਅਵਾਮੀ ਲੀਗ ਅਤੇ ਇਸ ਦੀਆਂ ਪ੍ਰਮੁੱਖ ਜਥੇਬੰਦੀਆਂ ਦੇ ਕਰੀਬ 500 ਅਣਪਛਾਤੇ ਨੇਤਾਵਾਂ ਅਤੇ ਵਰਕਰਾਂ 'ਤੇ ਵੀ ਦੋਸ਼ ਲਗਾਏ ਹਨ। ਰਿਪੋਰਟ ਮੁਤਾਬਕ, ਅਸਦੁਜ਼ਮਾਨ ਨੇ ਖੁਦ ਮਗੁਰਾ ਦੇ ਸ਼੍ਰੀਪੁਰ ਉਪਜ਼ਿਲਾ ਦੇ ਇਕ ਵਪਾਰੀ ਆਸਿਫ ਇਕਬਾਲ ਦੇ ਪਿਤਾ ਦੀ ਤਰਫੋਂ ਇਕ ਹੋਰ ਸ਼ਿਕਾਇਤ ਦਰਜ ਕਰਵਾਈ ਹੈ। ਇਕਬਾਲ ਨੂੰ 19 ਜੁਲਾਈ ਨੂੰ ਰਾਜਧਾਨੀ ਦੇ ਮੀਰਪੁਰ-10 ਚੌਰਾਹੇ 'ਤੇ ਪੁਲਸ ਨੇ ਗੋਲੀ ਮਾਰ ਦਿੱਤੀ ਸੀ। ਇਨ੍ਹਾਂ ਤਿੰਨ ਮਾਮਲਿਆਂ ਦੇ ਨਾਲ ਹੀ 76 ਸਾਲਾ ਹਸੀਨਾ ਖ਼ਿਲਾਫ਼ ਕੌਮਾਂਤਰੀ ਅਪਰਾਧਿਕ ਟ੍ਰਿਬਿਊਨਲ ਵਿਚ ਦਰਜ ਕੇਸਾਂ ਦੀ ਗਿਣਤੀ 7 ਹੋ ਗਈ ਹੈ। ਬਰਖਾਸਤ ਪ੍ਰਧਾਨ ਮੰਤਰੀ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ 5 ਅਗਸਤ ਨੂੰ ਭਾਰਤ ਲਈ ਦੇਸ਼ ਛੱਡ ਗਏ ਸਨ। ਖ਼ਬਰਾਂ ਅਨੁਸਾਰ ਸੱਤ ਕੇਸਾਂ ਵਿੱਚੋਂ ਛੇ ਕੇਸ ਹਾਲੀਆ ਪ੍ਰਦਰਸ਼ਨਾਂ ਦੌਰਾਨ ਹੋਈਆਂ ਹੱਤਿਆਵਾਂ ਨਾਲ ਸਬੰਧਤ ਹਨ ਜਦੋਂਕਿ ਇਕ ਕੇਸ 5 ਮਈ 2013 ਨੂੰ ਮੋਤੀਝੀਲ ਸ਼ਾਪਲਾ ਛਤਰ ਵਿਖੇ ਹੇਫਾਜ਼ਤ-ਏ-ਇਸਲਾਮ ਦੀ ਰੈਲੀ ਨਾਲ ਸਬੰਧਤ ਹੈ। ਹਸੀਨਾ ਖਿਲਾਫ ਬੁੱਧਵਾਰ ਨੂੰ ਘੱਟੋ-ਘੱਟ ਨੌਂ ਹੋਰ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ 'ਚੋਂ 8 ਹੱਤਿਆਵਾਂ ਦੀਆਂ ਹਨ। 

ਅਖਬਾਰ ਮੁਤਾਬਕ ਢਾਕਾ, ਨਾਰਾਇਣਗੰਜ ਅਤੇ ਗਾਜ਼ੀਪੁਰ ਜ਼ਿਲ੍ਹਿਆਂ ਦੇ ਰਾਮਪੁਰਾ, ਤੇਜਗਾਓਂ, ਮੀਰਪੁਰ ਅਤੇ ਬੱਡਾ ਖੇਤਰਾਂ 'ਚ ਹਾਲੀਆ ਅਸ਼ਾਂਤੀ ਦੌਰਾਨ ਲੋਕਾਂ ਦੀਆਂ ਮੌਤਾਂ ਨੂੰ ਲੈ ਕੇ ਕਤਲ ਦੇ ਮਾਮਲੇ ਦਰਜ ਕੀਤੇ ਗਏ ਹਨ। ਰਿਪੋਰਟਾਂ ਮੁਤਾਬਕ ਢਾਕਾ ਦੇ ਬੱਡਾ ਇਲਾਕੇ 'ਚ 19 ਜੁਲਾਈ ਨੂੰ ਸੁਮਨ ਸਿਕਦਾਰ ਅਤੇ ਅਬਦੁਲ ਜੱਬਾਰ ਦੀ ਹੱਤਿਆ ਦੇ ਮਾਮਲੇ 'ਚ ਹਸੀਨਾ ਅਤੇ 189 ਹੋਰਾਂ 'ਤੇ ਕਤਲ ਦੇ ਦੋ ਮਾਮਲੇ ਦਰਜ ਹਨ। ਇਸ ਦੇ ਨਾਲ ਹੀ 19 ਜੁਲਾਈ ਨੂੰ ਰਾਮਪੁਰਾ ਵਿਚ ਹਾਲ ਹੀ ਵਿਚ ਹੋਏ ਰਾਖਵੇਂਕਰਨ ਅੰਦੋਲਨ ਦੌਰਾਨ ‘ਇੰਡੀ-ਰੀਲਜ਼ ਪ੍ਰੋਡਕਸ਼ਨ’ ਦੇ ਮਾਡਲ ਕੋਆਰਡੀਨੇਟਰ ਰਸੇਲ ਮੀਆ ਦੀ ਮੌਤ ਦੇ ਮਾਮਲੇ ਵਿਚ ਹਸੀਨਾ ਅਤੇ 27 ਹੋਰਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਤੇਜਗਾਓਂ 'ਚ 4 ਅਗਸਤ ਨੂੰ ਪ੍ਰਦਰਸ਼ਨ ਦੌਰਾਨ ਕੋਬੀ ਨਜ਼ਰੂਲ ਸਰਕਾਰੀ ਕਾਲਜ ਦੇ ਵਿਦਿਆਰਥੀ ਮੁਹੰਮਦ ਤਾਹਿਦੁਲ ਇਸਲਾਮ ਦੀ ਮੌਤ ਦੇ ਮਾਮਲੇ 'ਚ ਹਸੀਨਾ ਸਮੇਤ 48 ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Sandeep Kumar

Content Editor

Related News