ਬੰਗਲਾਦੇਸ਼ ’ਚ ਦੁਰਗਾ ਪੂਜਾ ਦੌਰਾਨ ਮੰਦਰਾਂ ’ਤੇ ਹਮਲਾ, 3 ਦੀ ਮੌਤ

Thursday, Oct 14, 2021 - 04:22 PM (IST)

ਬੰਗਲਾਦੇਸ਼ ’ਚ ਦੁਰਗਾ ਪੂਜਾ ਦੌਰਾਨ ਮੰਦਰਾਂ ’ਤੇ ਹਮਲਾ, 3 ਦੀ ਮੌਤ

ਢਾਕਾ (ਭਾਸ਼ਾ)-ਬੰਗਲਾਦੇਸ਼ ’ਚ ਦੁਰਗਾ ਪੂਜਾ ਸਮਾਰੋਹ ਦੌਰਾਨ ਕੁਝ ਅਣਪਛਾਤੇ ਬਦਮਾਸ਼ਾਂ ਨੇ ਹਿੰਦੂ ਮੰਦਰਾਂ ਨੂੰ ਨੁਕਸਾਨ ਪਹੁੰਚਾਇਆ ਹੈ, ਜਿਸ ਦੇ ਚੱਲਦਿਆਂ ਸਰਕਾਰ ਨੂੰ 22 ਜ਼ਿਲ੍ਹਿਆਂ ’ਚ ਨੀਮ ਫੌਜੀ ਬਲਾਂ ਦੀ ਤਾਇਨਾਤੀ ਕਰਨੀ ਪਈ ਹੈ। ਵੀਰਵਾਰ ਨੂੰ ਮੀਡੀਆ ਰਿਪੋਰਟਾਂ ’ਚ ਦੱਸਿਆ ਗਿਆ ਕਿ ਦੰਗਿਆਂ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਬੀ. ਡੀ. ਨਿਊਜ਼ 24 ਡਾਟ ਕਾਮ ਨਿਊਜ਼ ਵੈੱਬਸਾਈਟ ਦੀ ਖ਼ਬਰ ਅਨੁਸਾਰ ਈਸ਼ਨਿੰਦਾ ਦੇ ਇਲਜ਼ਾਮਾਂ ਤੋਂ ਬਾਅਦ ਇਥੋਂ ਲੱਗਭਗ 100 ਕਿਲੋਮੀਟਰ ਦੂਰ ਸਥਿਤ ਕਮੀਲਾ ’ਚ ਸਥਾਨਕ ਮੰਦਰ ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਮਚੇ ਹੰਗਾਮੇ ਦਾ ਕੇਂਦਰਬਿੰਦੂ ਬਣ ਗਿਆ। ਖ਼ਬਰ ਅਨੁਸਾਰ ਪ੍ਰਸ਼ਾਸਨ ਅਤੇ ਪੁਲਸ ਨੇ ਝੜਪ ਤੋਂ ਬਾਅਦ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਚਾਂਦਪੁਰ ਦੇ ਹਾਜ਼ੀਗੰਜ, ਚਟਗਾਂਵ ਦੇ ਬਾਂਸਖਾਲੀ ਅਤੇ ਕਾਕਸ ਬਾਜ਼ਾਰ ਦੇ ਪੇਕੁਆ ’ਚ ਹਿੰਦੂ ਮੰਦਰਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਵੀ ਹੋਈਆਂ ਹਨ। ‘ਢਾਕਾ ਟ੍ਰਿਬਿਊਨ’ ਅਖ਼ਬਾਰ ਨੇ ਰਿਪੋਰਟ ਦਿੱਤੀ ਕਿ ਇਕ ਸਥਾਨ ’ਤੇ ਸਥਿਤੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਦੰਗੇ ਕਈ ਦੁਰਗਾ ਪੂਜਾ ਸਥਾਨਾਂ ’ਤੇ ਫੈਲ ਗਏ।

ਇਹ ਵੀ ਪੜ੍ਹੋ : ਤਾਈਵਾਨ ’ਚ 13 ਮੰਜ਼ਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ, ਵੇਖੋ ਮੌਕੇ ਦੀਆਂ ਤਸਵੀਰਾਂ

ਇਸ ’ਚ ਕਿਹਾ ਗਿਆ ਹੈ ਕਿ ਸਥਾਨਕ ਪ੍ਰਸ਼ਾਸਨ ਅਤੇ ਪੁਲਸ ਉੱਤੇ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਕਾਨੂੰਨ-ਵਿਵਸਥਾ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ। ‘ਡੇਲੀ ਸਟਾਰ’ ਅਖ਼ਬਾਰ ਦੀ ਰਿਪੋਰਟ ਅਨੁਸਾਰ ਬੁੱਧਵਾਰ ਨੂੰ ਚਾਂਦਪੁਰ ਦੇ ਹਾਜ਼ੀਗੰਜ ਉਪ-ਜ਼ਿਲ੍ਹੇ ’ਚ ਭੀੜ ਤੇ ਪੁਲਸ ਵਿਚਾਲੇ ਝੜਪ ਦੌਰਾਨ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋ ਗਏ। ਬਾਅਦ ’ਚ ਬੰਗਲਾਦੇਸ਼ ਪੁਲਸ ਰੈਪਿਡ ਐਕਸ਼ਨ ਬਟਾਲੀਅਨ (ਆਰ. ਏ. ਬੀ.) ਅਪਰਾਧ ਤੇ ਅੱਤਵਾਦ ਵਿਰੋਧੀ ਇਕਾਈ ਤੇ ਅਰਧ ਸੈਨਿਕ ‘ਬਾਰਡਰ ਗਾਰਡ ਬੰਗਲਾਦੇਸ਼’ (ਬੀ. ਜੀ. ਬੀ.) ਨੂੰ ਸਥਿਤੀ ’ਤੇ ਕਾਬੂ ਪਾਉਣ ਲਈ ਤਾਇਨਾਤ ਕੀਤਾ ਗਿਆ। ਧਾਰਮਿਕ ਮਾਮਲਿਆਂ ਦੇ ਮੰਤਰਾਲੇ ਨੇ ਇਕ ਐਮਰਜੈਂਸੀ ਨੋਟਿਸ ਜਾਰੀ ਕਰ ਕੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਨੂੰ ਆਪਣੇ ਹੱਥਾਂ ’ਚ ਨਾ ਲੈਣ ਅਤੇ ਫਿਰ ਤੋਂ ਫਿਰਕੂ ਸਦਭਾਵਨਾ ਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਇਨ੍ਹਾਂ ਹਮਲਿਆਂ ਤੋਂ ਬਾਅਦ ਸਰਕਾਰ ਨੇ 22 ਜ਼ਿਲ੍ਹਿਆਂ ’ਚ ਬੀ. ਜੀ. ਬੀ. ਤਾਇਨਾਤ ਕੀਤੀ ਹੈ।


author

Manoj

Content Editor

Related News