ਕੈਲੀਫੋਰਨੀਆ ਦੇ ਸ਼ਹਿਰ ਸੈਲਮਾ ਵਿਖੇ ਸਜਾਇਆ ਗਿਆ 29ਵਾਂ ਸਾਲਾਨਾ ਨਗਰ ਕੀਰਤਨ

Wednesday, Apr 19, 2023 - 01:59 AM (IST)

ਕੈਲੀਫੋਰਨੀਆ ਦੇ ਸ਼ਹਿਰ ਸੈਲਮਾ ਵਿਖੇ ਸਜਾਇਆ ਗਿਆ 29ਵਾਂ ਸਾਲਾਨਾ ਨਗਰ ਕੀਰਤਨ

ਸੈਲਮਾ/ਕੈਲੇਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਕੈਲੀਫੋਰਨੀਆ ਵਿਚ ਫਰਿਜ਼ਨੋ ਦੇ ਨਜ਼ਦੀਕੀ ਸ਼ਹਿਰ ਸੈਲਮਾ ਦੇ ਗੁਰਦੁਆਰਾ "ਸਿੱਖ ਸੈਂਟਰ ਆਫ ਪੈਸੀਫਿਕ ਕੋਸਟ" ਵਿਖੇ ਸੈਂਟਰਲ ਵੈਲੀ ਵਿਖੇ ਖਾਲਸੇ ਦੇ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ 29ਵਾਂ ਵਿਸ਼ਾਲ ਨਗਰ ਕੀਰਤਨ ਹੋਇਆ। ਜਿਸ ਸਮੇਂ ਸਿੱਖ ਸੰਗਤਾਂ ਅਤੇ ਰਾਗੀਆਂ-ਢਾਡੀਆਂ, ਕਥਾਵਾਚਕਾਂ, ਕੀਰਤਨੀ ਜਥਿਆਂ ਨੇ ਸ਼ਿਰਕਤ ਕੀਤੀ। ਇਸੇ ਤਰ੍ਹਾਂ ਇਲਾਕੇ ਦੇ ਸੰਬੰਧਤ ਅਧਿਕਾਰੀਆਂ ਨੇ ਹਾਜ਼ਰੀ ਭਰੀ। ਸਵੇਰ ਸਮੇਂ ਗੁਰੂਘਰ ਵਿਖੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਆਦਿ ਤੋਂ ਇਲਾਵਾ ਇਲਾਕੇ ਦੇ ਅਧਿਕਾਰੀਆਂ ਅਤੇ ਗੁਰੂਘਰ ਦੇ ਮੁੱਖ ਪ੍ਰਬੰਧਕਾਂ ਨੇ ਵਿਚਾਰਾਂ ਦੀ ਸਾਂਝ ਪਾਈ।

ਇਹ ਖ਼ਬਰ ਵੀ ਪੜ੍ਹੋ : ਅਦਾਲਤ ’ਚ ਇਨਸਾਫ਼ ਮੰਗਣ ਆਈ ਔਰਤ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਨਗਰ ਕੀਰਤਨ ਦੀ ਸ਼ੁਰੂਆਤ ਅਰਦਾਸ ਕਰਨ ਉਪਰੰਤ ਅਮਰੀਕਾ ਦੇ ਰਾਸ਼ਟਰੀ ਝੰਡੇ ਅਤੇ ਕੈਲੀਫੋਰਨੀਆ ਸਟੇਟ ਦੇ ਝੰਡੇ ਮਗਰ ਪੰਜਾਂ ਪਿਆਰਿਆ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਜੇ ਫਲੌਟ ਮਗਰ ਅਨੇਕਾਂ ਸਿੱਖ ਧਰਮ ਨਾਲ ਸੰਬੰਧਿਤ ਝਾਕੀਆਂ ਇਕ ਨਵੇਂ ਵਸੇ ਅਮੇਰਿਕਨ ਪੰਜਾਬ ਦੀ ਤਸਵੀਰ ਪੇਸ਼ ਕਰ ਰਹੀਆਂ ਸਨ। ਇਸੇ ਤਰ੍ਹਾਂ ਨਗਰ ਕੀਰਤਨ ਦੌਰਾਨ ਪ੍ਰਫੁੱਲਿਤ ਹੋਈ ਸਿੱਖੀ ਦੀ ਮੂੰਹ ਬੋਲਦੀ ਤਸਵੀਰ ਚਾਰ ਚੁਫੇਰੇ ਲਿਸ਼ਕਦੀਆਂ ਕੇਸਰੀ ਅਤੇ ਰੰਗ-ਬਿਰੰਗੀਆਂ ਪੱਗਾਂ ਅਤੇ ਚੁੰਨੀਆਂ ਰਾਹੀਂ ਆਮ ਦਿਸ ਰਹੀ ਸੀ, ਜਿਸ ’ਚ ਬੱਚਿਆਂ ਤੇ ਬਜ਼ੁਰਗਾਂ ਤੋਂ ਇਲਾਵਾ ਸਮੂਹ ਧਰਮਾ ਦੀਆਂ ਸੰਗਤਾਂ ਨੇ ਰਲ ਕੇ ਹਾਜ਼ਰੀ ਭਰੀ। ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਹੋ ਰਹੀ ਸੀ। ਨਗਰ ਕੀਰਤਨ ਦਾ ਦ੍ਰਿਸ਼ ਬਹੁਤ ਹੀ ਅਲੌਕਿਕ ਅਤੇ ਰੂਹਾਨੀ ਭਰਿਆ ਸੀ। ਸੰਗਤਾਂ ਪਾਲਕੀ ਸਾਹਿਬ ਦੇ ਮਗਰ ਵਾਹਿਗੁਰੂ ਦਾ ਸਿਮਰਨ ਅਤੇ ਸ਼ਬਦ ਗਾਇਨ ਕਰਦੀਆਂ ਜਾ ਰਹੀਆਂ ਸਨ।

ਇਹ ਖ਼ਬਰ ਵੀ ਪੜ੍ਹੋ : ਰਿਕਸ਼ੇ ਵਾਲੇ ਬਜ਼ੁਰਗ ਦੀ ਤਕਦੀਰ ਨੇ ਰਾਤੋ-ਰਾਤ ਮਾਰੀ ਪਲਟੀ, ਬਣ ਗਿਆ ਕਰੋੜਪਤੀ

ਇਸੇ ਦੌਰਾਨ ਸਥਾਨਕ ਪੰਜਾਬੀ ਸਕੂਲ ਅਤੇ ਹੋਰ ਇਲਾਕੇ ਦੇ ਪੰਜਾਬੀ ਸਕੂਲਾਂ ਦੇ ਬੱਚੇ ਆਪਣੇ ਫਲੋਟ ਰਾਹੀਂ ਅਮੇਰਿਕਨ ਲੋਕਾਂ ਨਾਲ ਇਤਿਹਾਸਕ ਜਾਣਕਾਰੀ ਸਾਂਝੀ ਕਰ ਰਹੇ ਸਨ। ਇਸ ਨਗਰ ਕੀਰਤਨ ਦੌਰਾਨ ਵੱਖ-ਵੱਖ ਸਵਾਦਿਸ਼ਟ ਖਾਣੇ ਦੇ ਸਟਾਲ ਲੱਗੇ ਹੋਏ ਸਨ, ਜਿਨ੍ਹਾਂ ਦਾ ਸੰਗਤਾਂ ਨੇ ਖੂਬ ਆਨੰਦ ਮਾਣਿਆ। ਗੁਰੂਘਰ ਅੰਦਰ “ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ” ਅਤੇ ਹੋਰ ਅਨੇਕਾਂ ਬੂਥ ਲੱਗੇ ਹੋਏ ਸਨ। ਇਸ ਤੋਂ ਇਲਾਵਾ ਬਸਤਾ ਅਤੇ ਰਸਤਾ ਦੀਆਂ ਦੁਕਾਨਾਂ ਵੀ ਭਾਰਤੀ ਮੇਲੇ ਦੀ ਤਸਵੀਰ ਪੇਸ਼ ਕਰ ਰਹੀਆਂ ਸਨ। ਇਸ ਸਮੁੱਚੇ ਨਗਰ ਕੀਰਤਨ ਵਿਚ ਸੰਗਤਾਂ ਦੇ ਹਜ਼ਾਰਾਂ ਦੀ ਗਿਣਤੀ ’ਚ ਭਾਰੀ ਇਕੱਠ ਨੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਹਾਜ਼ਰੀਆਂ ਭਰੀਆਂ। ਨਗਰ ਕੀਰਤਨ ਦੌਰਾਨ ਸੁਰੱਖਿਆ ਦੇ ਪ੍ਰਬੰਧ ਬਹੁਤ ਵਧੀਆਂ ਅਤੇ ਮਜ਼ਬੂਤ ਕੀਤੇ ਗਏ ਸਨ। ਇਸ ਤੋਂ ਇਲਾਵਾ ਇਲਾਕੇ ਭਰ ਦੇ ਗੁਰੂਘਰ ਅਤੇ ਸੰਗਤਾਂ ਵਧਾਈ ਦੇ ਪਾਤਰ ਹਨ, ਜਿਨ੍ਹਾਂ ਸਭ ਦੇ ਸਹਿਯੋਗ ਸਦਕਾ ਇਹ ਨਗਰ ਕੀਰਤਨ ਯਾਦਗਾਰੀ ਹੋ ਨਿੱਬੜਿਆ।


author

Manoj

Content Editor

Related News