ਰਮਜ਼ਾਨ ਮਹੀਨੇ ’ਚ ਵੀ ਤਾਲਿਬਾਨ ਨੇ ਮਚਾਇਆ ਕਹਿਰ, ਅਫਗਾਨਿਸਤਾਨ ’ਚ 255 ਲੋਕਾਂ ਦਾ ਕਤਲ

Wednesday, May 12, 2021 - 05:59 PM (IST)

ਰਮਜ਼ਾਨ ਮਹੀਨੇ ’ਚ ਵੀ ਤਾਲਿਬਾਨ ਨੇ ਮਚਾਇਆ ਕਹਿਰ, ਅਫਗਾਨਿਸਤਾਨ ’ਚ 255 ਲੋਕਾਂ ਦਾ ਕਤਲ

ਇੰਟਰਨੈਸ਼ਨਲ ਡੈਸਕ– ਅਫਗਾਨਿਸਤਾਨ ’ਚ ਰਮਜ਼ਾਨ ਦੇ ਮਹੀਨੇ ਦੀ ਸ਼ੁਰੂਆਤ ਤੋਂ ਬਾਅਦ ਹੁਣ ਤਕ ਤਾਲਿਬਾਨ ਨੇ 15 ਆਤਮਘਾਤੀ ਅਤੇ ਦਰਜਨਾਂ ਹੋਰ ਹਮਲੇ ਕੀਤੇ ਹਨ। ਇਹ ਜਾਣਕਾਰੀ ਮੰਗਲਵਾਰ ਨੂੰ ਅਫਗਾਨਿਸਤਾਨ ਦੇ ਆਂਤਰਿਕ ਮਾਮਲਿਆਂ ਦੇ ਮੰਤਰਾਲਾ ਨੇ ਦਿੱਤੀ। ਮੰਤਰਾਲਾ ਮੁਤਾਬਕ, 13 ਅਪ੍ਰੈਲ ਨੂੰ ਸ਼ੁਰੂ ਹੋਏ ਰਮਜ਼ਾਨ ਮਹੀਨੇ ’ਚ 200 ਬੰਬ ਧਮਾਕਿਆਂ ਅਤੇ 15 ਆਤਮਘਾਤੀ ਬੰਬ ਧਮਾਕਿਆਂ ’ਚ ਕੁਲ 255 ਲੋਕ ਮਾਰੇ ਗਏ ਹਨ। ਇਸ ਦੌਰਾਨ 500 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। 

ਟੋਲੋ ਨਿਊਜ਼ ਮੁਤਾਬਕ, ਅਫਗਾਨੀਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਮੰਗਲਵਾਰ ਨੂੰ ਕਿਹਾ ਕਿ ਸਾਰੀਆਂ ਸੁਰੱਖਿਆ ਫੋਰਸਾਂ ਦਾ ਧੰਨਵਾਦ, ਜਿਨ੍ਹਾਂ ਨੇ 800 ਤੋਂ ਜ਼ਿਆਦਾ ਘਟਨਾਵਾਂ ਨੂੰ ਰੋਕਿਆ ਅਤੇ 800 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਟੋਲੋ ਨਿਊਜ਼ ਦੇ ਅੰਕੜਿਆਂ ਮੁਤਾਬਕ, ਪਿਛਲੇ ਮਹੀਨੇ 13 ਅਪ੍ਰੈਲ ਤੋਂ 12 ਮਈ ਦੌਰਾਨ ਮੌਤਾਂ ਦੀ ਗਿਣਤੀ ’ਚ 20 ਫੀਸਦੀ ਵਾਧਾ ਹੋਇਆ ਹੈ। 

ਐਤਵਾਰ ਰਾਤ ਨੂੰ ਤਾਲਿਬਾਨ ਨੇ ਐਲਾਨ ਕੀਤਾ ਕਿ ਉਹ ਈਦ ਦੇ ਤਿਉਹਾਰ ਲਈ ਤਿੰਨ ਦਿਨਾ ਜੰਗਬੰਦੀ ਦਾ ਪਾਲਣ ਕਰਨਗੇ। ਬਾਅਦ ’ਚ ਸੋਮਵਾਰ ਨੂੰ ਅਫਗਾਨ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਵੀ ਸਾਰੀਆਂ ਅਫਗਾਨ ਫੌਜਾਂ ਨੂੰ ਈਦ ਦੌਰਾਨ ਜੰਗਬੰਦੀ ਦਾ ਪਾਲਣ ਕਰਨ ਦਾ ਨਿਰਦੇਸ਼ ਦਿੱਤਾ। ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧੀ ਉਲਮਾਯ ਖ਼ਲੀਜ਼ਾਦ ਨੇ ਮੰਗਲਵਾਰ ਨੂੰ ਤਾਲਿਬਾਨ ਅਤੇ ਅਫਗਾਨ ਸਰਕਾਰ ਦੁਆਰਾ ਈਦ ਦੇ ਤਿਉਹਾਰ ਦੌਰਾਨ ਦੇਸ਼ ’ਚ ਜੰਗਬੰਦੀ ਨੂੰ ਬਣਾਈ ਰੱਖਣ ਦੇ ਐਲਾਨਾਂ ਦਾ ਸਵਾਗਤ ਕੀਤਾ ਸੀ। 


author

Rakesh

Content Editor

Related News