ਇਟਲੀ ''ਚ 25 ਮਿਲੀਅਨ ਲੋਕ ਮੋਟਾਪੇ ਕਾਰਨ ਪ੍ਰੇਸ਼ਾਨ

Saturday, Apr 13, 2019 - 01:29 PM (IST)

ਰੋਮ, (ਕੈਂਥ)— ਮੋਟਾਪਾ ਇੱਕ ਅਜਿਹੀ ਬਿਮਾਰੀ ਜਿਸ ਤੋਂ ਹਰ ਦੇਸ਼ ਦੇ ਤੇ ਹਰ ਵਰਗ ਦੇ ਲੋਕ ਦੁਖੀ ਹਨ । ਇਸ ਤੋਂ ਛੁਟਕਾਰਾ ਪਾਉਣ ਲਈ ਪਤਾ ਨਹੀਂ ਲੋਕ ਕਿੰਨੇ-ਕਿੰਨੇ ਤਰ੍ਹਾਂ ਦੇ ਢੰਗ ਤਰੀਕੇ ਅਤੇ ਦਵਾਈਆਂ ਦਾ ਸਹਾਰਾ ਲੈ ਰਹੇ ਹਨ ਪਰ ਅਫਸੋਸ ਇਸ ਦੇ ਬਾਵਜੂਦ ਮੋਟਾਪੇ ਦੇ ਮਰੀਜ਼ਾਂ ਵਿੱਚ ਇਜ਼ਾਫ਼ਾ ਹੋਣਾ ਆਪਣੇ-ਆਪ ਵਿੱਚ ਇੱਕ ਚੁਣੌਤੀ ਹੈ । ਯੂਰਪੀਅਨ ਦੇਸ਼ ਇਟਲੀ ਵਿੱਚ 25 ਮਿਲੀਅਨ ਲੋਕ ਮੋਟਾਪੇ ਦੀ ਬਿਮਾਰੀ ਨਾਲ ਜੂਝ ਰਹੇ ਹਨ ਤੇ ਇਟਲੀ ਵਿੱਚ ਤੰਬਾਕੂਨੋਸ਼ੀ ਤੋਂ ਬਾਅਦ ਦੂਜੀ ਇਹ ਜ਼ਹਿਮਤ ਹੈ ਜਿਹੜੀ ਕਿ ਲੋਕਾਂ ਦੀ ਮੌਤ ਦਾ ਕਾਰਨ ਬਣਦੀ ਜਾ ਰਹੀ ਹੈ। 
ਇਸ ਗੱਲ ਦਾ ਖੁਲਾਸਾ ਇਟਾਲੀਅਨ ਮੋਟਾਪਾ ਬੈਰੋਮੀਟਰ ਨੇ ਇਸ ਸਾਲ ਦੇ ਆਪਣੇ ਪਹਿਲੇ ਐਡੀਸ਼ਨ ਦੀ ਰਿਪੋਰਟ ਵਿੱਚ ਕਰਦਿਆਂ ਕਿਹਾ ਕਿ ਮੋਟਾਪੇ ਦੀ ਬਿਮਾਰੀ ਨਾਲ ਔਰਤਾਂ ਨਾਲੋਂ ਜ਼ਿਆਦਾ ਬੰਦੇ ਵੱਧ ਪ੍ਰਭਾਵਿਤ ਹੋ ਰਹੇ ਹਨ, ਜਿਹੜੇ ਕਿ ਸ਼ਹਿਰੀ ਇਲਾਕਿਆਂ ਵਿੱਚ ਰਹਿੰਦੇ ਹਨ। ਮੋਟਾਪੇ ਨਾਲ ਦੱਖਣੀ ਇਟਲੀ ਦੇ ਬਸ਼ਿੰਦੇ ਵਧੇਰੇ ਪ੍ਰਭਾਵਿਤ ਹਨ, ਜਿਨ੍ਹਾਂ ਨੂੰ ਮੋਟਾਪੇ ਨਾਲ ਸ਼ੂਗਰ, ਦਿਲ ਦੀਆਂ ਬੀਮਾਰੀਆਂ ਅਤੇ ਕੈਂਸਰ ਹੋਣ ਦਾ ਵੱਧ ਖਤਰਾ ਮੰਡਰਾ ਰਿਹਾ ਹੈ। ਯੂਰਪੀਅਨ ਦੇਸ਼ ਗ੍ਰੀਸ, ਮਾਲਟਾ, ਗਰੀਨਲੈਂਡ ਤੇ ਇਟਲੀ ਅਜਿਹੇ ਦੇਸ਼ ਹਨ, ਜਿੱਥੇ ਮੋਟਾਪੇ ਕਾਰਨ ਨੌਜਵਾਨ ਵਰਗ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ ਜਦੋਂ ਕਿ ਡੈਨਮਾਰਕ ਵਿੱਚ ਨੌਜਵਾਨ ਵਰਗ ਮੋਟਾਪੇ ਦਾ ਸਭ ਤੋਂ ਘੱਟ ਸ਼ਿਕਾਰ ਹੋ ਰਿਹਾ ਹੈ। ਇਟਲੀ ਵਿੱਚ  ਮੋਟਾਪਾ ਹੋਣ ਦੇ ਕਾਰਨ ਸਿਗਰਟਨੋਸ਼ੀ ਅਤੇ ਸ਼ਰਾਬ ਦੀ ਜ਼ਿਆਦਾ ਵਰਤੋਂ ਅਤੇ ਕਸਰਤ ਨਾ ਕਰਨਾ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੂਰੀ ਦੁਨੀਆ ਵਿੱਚ 2 ਅਰਬ ਲੋਕ ਅਜਿਹੇ ਹਨ ਜਿਹੜੇ ਕਿ ਮੋਟਾਪੇ ਦੀ ਬੀਮਾਰੀ ਨਾਲ ਜੂਝ ਰਹੇ ਹਨ। ਵਿਸ਼ਵ ਭਰ ਵਿੱਚ 5 ਸਾਲ ਤੋਂ ਘੱਟ ਉਮਰ ਦੇ 41 ਮਿਲੀਅਨ ਬੱਚੇ ਅਜਿਹੇ ਸਨ ਜਿਹੜੇ ਸੰਨ 2016 ਵਿੱਚ ਦਰਜ ਕੀਤੇ ਗਏ ਜਦੋਂ ਕਿ ਉਸ ਸਮੇਂ 4 ਕਰੋੜ 5 ਤੋਂ 19 ਸਾਲ ਦੇ ਬੱਚੇ ਮੋਟਾਪੇ ਦਾ ਸ਼ਿਕਾਰ ਸਨ।


Related News