ਸੂਡਾਨ ''ਚ ਬਲੂ ਨੀਲ ਨਦੀ ''ਚ ਕਿਸ਼ਤੀ ਪਲਟਣ ਕਾਰਨ 23 ਔਰਤਾਂ ਡੁੱਬੀਆਂ
Monday, Apr 04, 2022 - 04:48 PM (IST)
ਕਾਹਿਰਾ (ਭਾਸ਼ਾ)- ਸੂਡਾਨ ਵਿਚ ਬਲੂ ਨੀਲ ਨਦੀ ਵਿਚ ਪਿਛਲੇ ਹਫ਼ਤੇ ਇਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 23 ਔਰਤਾਂ ਡੁੱਬ ਗਈਆਂ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰੀ ਸੁਨਾ ਸਮਾਚਾਰ ਏਜੰਸੀ ਦੇ ਅਨੁਸਾਰ, ਦੱਖਣ-ਪੂਰਬੀ ਸੇਨਾਰ ਸੂਬੇ ਵਿਚ ਸ਼ੁੱਕਰਵਾਰ ਨੂੰ ਕਿਸ਼ਤੀ ਪਲਟਣ ਅਤੇ ਡੁੱਬਣ ਸਮੇਂ ਉਸ ਵਿਚ 29 ਲੋਕ ਸਵਾਰ ਸਨ।
ਕਿਸ਼ਤੀ ਵਿਚ ਇਕ ਡਰਾਈਵਰ ਨੂੰ ਛੱਡ ਕੇ ਬਾਕੀ ਸਾਰੀਆਂ ਔਰਤਾਂ ਸਨ। 5 ਯਾਤਰੀਆਂ ਨੂੰ ਬਚਾ ਲਿਆ ਗਿਆ। ਕਿਸ਼ਤੀ ਦੇ ਡੁੱਬਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਹ ਔਰਤਾਂ ਸੂਕੀ ਖੇਤਰ ਵਿਚ ਖੇਤਾਂ ਵਿਚ ਕੰਮ ਕਰਨ ਵਾਲੀਆਂ ਦਿਹਾੜੀਦਾਰ ਮਜ਼ਦੂਰ ਸਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਘਰ ਪਰਤ ਰਹੀਆਂ ਸਨ। ਹਾਦਸੇ ਤੋਂ ਬਾਅਦ 13 ਲਾਸ਼ਾਂ ਨੂੰ ਕੱਢ ਲਿਆ ਗਿਆ ਹੈ ਅਤੇ ਬਚਾਅ ਕਰਮਚਾਰੀ 10 ਹੋਰਾਂ ਦੀ ਭਾਲ ਕਰ ਰਹੇ ਹਨ।
ਬਲੂ ਨੀਲ ਇਸ ਅਫਰੀਕੀ ਦੇਸ਼ ਵਿਚ ਲੋਕਾਂ ਅਤੇ ਮਾਲ ਦੀ ਆਵਾਜਾਈ ਦਾ ਇਕ ਮਹੱਤਵਪੂਰਨ ਸਾਧਨ ਹੈ। ਇਹ ਦੁਨੀਆ ਦੀਆਂ ਸਭ ਤੋਂ ਲੰਬੀਆਂ ਨਦੀਆਂ ਵਿਚੋਂ ਇਕ ਨੀਲ ਨਦੀ ਰਾਜਧਾਨੀ ਖਾਰਟੂਮ ਦੇ ਉੱਤਰ ਵਿਚ ਵ੍ਹਾਈਟ ਨੀਲ ਨਾਲ ਜੁੜਦੀ ਹੈ। ਕਿਸ਼ਤੀ 'ਤੇ ਸਮਰਥਾ ਤੋਂ ਜ਼ਿਆਦਾ ਲੋਕਾਂ ਦੇ ਚੜ੍ਹਨ ਕਾਰਨ ਪਹਿਲਾਂ ਵੀ ਅਜਿਹੇ ਹਾਦਸੇ ਵਾਪਰ ਚੁੱਕੇ ਹਨ। 2018 ਵਿਚ ਸੂਡਾਨ ਵਿਚ ਨੀਲ ਨਦੀ ਵਿਚ ਇਕ ਕਿਸ਼ਤੀ ਪਲਟਣ ਨਾਲ 21 ਵਿਦਿਆਰਥੀਆਂ ਸਮੇਤ 22 ਲੋਕ ਮਾਰੇ ਗਏ ਸਨ।