ਖੈਬਰ ਪਖਤੂਨਖਵਾ ’ਚ TTP ਦੇ 22 ਅੱਤਵਾਦੀ ਢੇਰ
Friday, Nov 28, 2025 - 11:38 PM (IST)
ਪਿਸ਼ਾਵਰ (ਭਾਸ਼ਾ) - ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ’ਚ ਸੁਰੱਖਿਆ ਫੋਰਸਾਂ ਵੱਲੋਂ ਇਕ ਖੁਫੀਆ ਸੂਚਨਾ ਦੇ ਆਧਾਰ ’ਤੇ ਚਲਾਏ ਗਏ ਆਪ੍ਰੇਸ਼ਨ ’ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੇ ਘੱਟੋ-ਘੱਟ 22 ਅੱਤਵਾਦੀ ਮਾਰੇ ਗਏ। ਦੇਸ਼ ਦੀ ਫੌਜ ਦੇ ਮੀਡੀਆ ਵਿੰਗ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਆਪ੍ਰੇਸ਼ਨ ਬੁੱਧਵਾਰ ਨੂੰ ਉੱਤਰ-ਪੱਛਮੀ ਸੂਬੇ ਦੇ ਡੇਰਾ ਇਸਮਾਈਲ ਖਾਨ ਜ਼ਿਲੇ ’ਚ ਉਸ ਸੂਚਨਾ ਦੇ ਆਧਾਰ ’ਤੇ ਚਲਾਇਆ ਗਿਆ ਕਿ ਉਥੇ ‘ਫਿਤਨਾ ਅਲ-ਖਵਾਰਿਜ’ ਨਾਲ ਜੁੜੇ ਅੱਤਵਾਦੀ ਮੌਜੂਦ ਹਨ। ‘ਫਿਤਨਾ ਅਲ-ਖਵਾਰਿਜ’ ਸ਼ਬਦ ਦੀ ਵਰਤੋਂ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਪਾਬੰਦੀਸ਼ੁਦਾ ਟੀ. ਟੀ. ਪੀ. ਦੇ ਅੱਤਵਾਦੀਆਂ ਲਈ ਕੀਤੀ ਜਾਂਦੀ ਹੈ। ਫੌਜ ਨੇ ਕਿਹਾ ਕਿ ਸੁਰੱਖਿਆ ਫੋਰਸਾਂ ਨੇ ਅੱਤਵਾਦੀਆਂ ਦੇ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਅਤੇ ਭਾਰੀ ਗੋਲੀਬਾਰੀ ਤੋਂ ਬਾਅਦ 22 ਅੱਤਵਾਦੀ ਮਾਰੇ ਗਏ।
