ਇਸਤਾਂਬੁਲ ’ਚ ਨਕਲੀ ਸ਼ਰਾਬ ਪੀਣ ਨਾਲ 22 ਲੋਕਾਂ ਦੀ ਮੌਤ
Friday, Dec 17, 2021 - 05:31 PM (IST)
ਅੰਕਾਰਾ (ਏ. ਪੀ.)-ਤੁਰਕੀ ਦੇ ਇਸਤਾਂਬੁਲ ਸ਼ਹਿਰ ’ਚ ਨਕਲੀ ਸ਼ਰਾਬ ਪੀਣ ਨਾਲ 22 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 16 ਹੋਰਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਗਵਰਨਰ ਦਫ਼ਤਰ ਨੇ ਦਿੱਤੀ। ਇਸ ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਨਵੇਂ ਸਾਲ ਦੇ ਜਸ਼ਨਾਂ ਤੋਂ ਪਹਿਲਾਂ ਨਕਲੀ ਸ਼ਰਾਬ ਵਿਰੁੱਧ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸਤਾਂਬੁਲ ਦੇ ਗਵਰਨਰ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਮਰਨ ਵਾਲੇ 11 ਅਤੇ ਪੰਜ ਗੰਭੀਰ ਰੂਪ ਨਾਲ ਬੀਮਾਰ ਵਿਦੇਸ਼ੀ ਨਾਗਰਿਕ ਹਨ। ਹਾਲਾਂਕਿ ਪੀੜਤਾਂ ਦੀ ਨਾਗਰਿਕਤਾ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਬਿਆਨ ਮੁਤਾਬਕ ਇਸ ਮਾਮਲੇ ’ਚ ਹੁਣ ਤੱਕ ਚਾਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸਰਕਾਰੀ ਸਮਾਚਾਰ ਏਜੰਸੀ ਅਨਾਦੋਲੂ ਨੇ ਰਿਪੋਰਟ ਦਿੱਤੀ ਸੀ ਕਿ ਪਿਛਲੇ ਚਾਰ ਦਿਨਾਂ ’ਚ ਇਸਤਾਂਬੁਲ ਸਮੇਤ ਤੁਰਕੀ ਦੇ 9 ਸੂਬਿਆਂ ’ਚ ਮਿਥਾਨੋਲ ਆਧਾਰਿਤ ਸ਼ਰਾਬ ਪੀਣ ਨਾਲ 26 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਪ੍ਰਸ਼ਾਸਨ ਨੇ ਨਾਜਾਇਜ਼ ਅਤੇ ਨਕਲੀ ਸ਼ਰਾਬ ਵਿਰੁੱਧ ਦੇਸ਼ ਵਿਆਪੀ ਮੁਹਿੰਮ ਤਹਿਤ 300 ਦੇ ਕਰੀਬ ਥਾਵਾਂ ’ਤੇ ਛਾਪੇਮਾਰੀ ਕਰ ਕੇ ਹਜ਼ਾਰਾਂ ਲੀਟਰ ਨਕਲੀ ਸ਼ਰਾਬ ਜ਼ਬਤ ਕੀਤੀ ਹੈ। ਇਸ ਦੌਰਾਨ ਘੱਟੋ-ਘੱਟ 85 ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰ ਕੇ ਦੱਸੋ