ਕੋਰੋਨਾਵਾਇਰਸ ਕਾਰਨ ਰੱਦ ਹੋਇਆ ਦੁਨੀਆ ਦਾ ਸਭ ਤੋਂ ਵੱਡਾ ਮੋਟਰ-ਸ਼ੋਅ
Saturday, Feb 29, 2020 - 12:36 PM (IST)
ਆਟੋ ਡੈਸਕ– ਅਗਲੇ ਹਫਤੇ ਹੋਣ ਵਾਲੇ ‘2020 ਜਨੇਵਾ ਮੋਟਰ ਸ਼ੋਅ’ ਨੂੰ ਕੋਰੋਨਾਵਾਇਰਸ ਦੇ ਡਰ ਕਾਰਨ ਰੱਦ ਕਰ ਦਿੱਤਾ ਗਿਆ ਹੈ। ਸਵਿਟਜ਼ਰਲੈਂਡ ਦੇ ਸੰਘੀ ਜਨਤਕ ਸਿਹਤ ਦਫਤਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਾਇਰਸ ਫੈਲਣ ਤੋਂ ਰੋਕਣ ਲਈ 1000 ਤੋਂ ਜ਼ਿਆਦਾ ਲੋਕਾਂ ਦੇ ਇਕੱਠ ਹੋਣ ’ਤੇ ਰੋਕ ਲਗਾ ਦਿੱਤੀ ਹੈ। ਸਵਿਸ ਸਰਕਾਰ ਦਾ ਇਹ ਫੈਸਲਾ ਘੱਟੋ-ਘੱਟ 15 ਮਾਰਚ ਤਕ ਲਾਗੂ ਰਹੇਗਾ। ਇਸ ਤੋਂ ਪਹਿਲਾਂ ਬਾਰਸੀਲੋਨਾ ’ਚ ਹੋਣ ਵਾਲੇ ‘ਮੋਬਾਇਲ ਵਰਲਡ ਕਾਂਗਰਸ’ ਅਤੇ ਫੇਸਬੁੱਕ ਦੇ ‘ਡਿਵੈਲਪਰ ਕਾਨਫਰੰਸ F8’ ਵੀ ਰੱਦ ਹੋ ਚੁੱਕੇ ਹਨ।
ਕਾਰ ਸ਼ੋਅ ਦੇ ਪ੍ਰਬੰਧਕਾਂ ਨੇ ਸੁੱਕਰਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਸਾਨੂੰ ਇਸ ਸਥਿਤੀ ’ਤੇ ਅਫਸੋਸ ਹੈ ਪਰ ਸਾਰੇ ਭਾਗੀਦਾਰਾਂ ਦੀ ਸਿਹਤ ਦਾ ਧਿਆਨ ਰੱਖਣਾ ਸਾਡੇ ਲਈ ਸਭ ਤੋਂ ਜ਼ਰੂਰੀ ਹੈ। ਇਸ ਸਾਲ ਮੋਟਰ ਸ਼ੋਅ ਦਾ ਪ੍ਰੋਗਰਾਮ 2 ਮਾਰਚ ਨੂੰ ਪੱਤਰਕਾਰਾਂ ਲਈ ਖੋਲਿਆ ਜਾਣਾ ਸੀ। ਆਮ ਲੋਕਾਂ ਲਈ ਇਹ ਮੋਟਰ ਸ਼ੋਅ 5 ਮਾਰਚ ਤੋਂ 15 ਮਾਰਚ ਤਕ ਲਈ ਖੋਲਿਆ ਜਾਣਾ ਸੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਇਨਵੈਸਟਰਾਂ ਦਾ ਵੱਡਾ ਨੁਕਸਾਨ ਹੈ ਜਿਨ੍ਹਾਂ ਨੇ ਜਨੇਵਾ ’ਚ ਆਪਣੀ ਮੌਜੂਦਗੀ ਅਤੇ ਇਸ ਸ਼ੋਅ ਦਾ ਹਿੱਸਾ ਬਣਨ ਲਈ ਇਨਵੈਸਟਮੈਂਟ ਕੀਤੀ ਹੈ। ਹਾਲਾਂਕਿ, ਸਾਨੂੰ ਭਰੋਸਾ ਹੈ ਕਿ ਉਹ ਸਾਡੀ ਸਥਿਤੀ ਅਤੇ ਇਹ ਫੈਸਲਾ ਲੈਣ ਦਾ ਕਾਰਨ ਜ਼ਰੂਰ ਸਮਝਣਗੇ।
ਇੰਡਸਟਰੀ ਲਈ ਵੱਡਾ ਝਟਕਾ
ਪ੍ਰਬੰਧਕਾਂ ਵਲੋਂ ਇਹ ਫੈਸਲਾ ਕੋਰੋਨਾਵਾਇਰਸ ਦੇ ਦੁਨੀਆ ਭਰ ’ਚ ਫੈਲਣ ਕਾਰਨ ਲਿਆ ਗਿਆ ਹੈ। ਮੋਟਰ-ਸ਼ੋਅ ਰੱਦ ਹੋਣ ਨਾਲ ਜੁੜਿਆ ਇਹ ਫੈਸਲਾ ਸਿਰਫ ਪ੍ਰਬੰਧਕਾਂ ਹੀ ਨਹੀਂ, ਆਟੋਮੋਬਾਇਲ ਇੰਡਸਟਰੀ ਲਈ ਵੀ ਵੱਡੀ ਖਬਰ ਹੈ। GIMS ਦੁਨੀਆ ਭਰ ’ਚ ਹੋਣ ਵਾਲੇ ਸਭ ਤੋਂ ਵੱਡੇ ਮੋਟਰ-ਸ਼ੋਅ ’ਚੋਂ ਇਕ ਹੈ, ਅਜਿਹੇ ’ਚ ਆਟੋਮੋਬਾਇਲ ਨਿਰਮਾਤਾਵਾਂ ਵਲੋਂ ਨਵੇਂ ਮਾਡਲ ਲਾਂਚ ਲਈ ਵੱਡਾ ਖਰਚਾ ਕੀਤਾ ਗਿਆ ਹੈ। ਇਸ ਸ਼ੋਅ ’ਚ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਅਤੇ ਐਕਸਕਲੂਜ਼ਿਵ ਕਾਰਾਂ ਨੂੰ ਸ਼ੋਅਕੇਸ ਕੀਤਾ ਜਾਂਦਾ ਹੈ ਪਰ ਇਸ ਦਾ ਇਸਤੇਮਾਲ ਜ਼ਿਆਦਾ ਮੇਨਸਟਰੀਮ ਮਾਡਲ ਲਾਂਚ ਕਰਨ ਲਈ ਵੀ ਕੀਤਾ ਜਾਂਦਾ ਹੈ।
ਸ਼ੋਅਕੇਸ ਹੋਣੇ ਸਨ ਕਈ ਮਾਡਲ
ਮੋਟਰ-ਸ਼ੋਅ ’ਚ ਇਸ ਸਾਲ ਕਈ ਨਵੇਂ ਅਤੇ ਵਾਈਲਡ ਕੰਸੈਪਟਸ ਇਸ ਸਾਲ ਪੇਸ਼ ਹੋਣ ਵਾਲੇ ਸਨ। ਇਨ੍ਹਾਂ ’ਚ BMW ਦੀ ਨਵੀਂ i4 ਕੰਸੈਪਟ, Hyundai Prophecy concept, Polestar's Precept ਵਰਗੀਆਂ ਕਈ ਫਿਊਚਰ ਕਾਰਾਂ ਸ਼ਾਮਲ ਹਨ। ਸਵਿਸ ਨਿਊਜ਼ ਵੈੱਬਸਾਈਟ ਦੀ ਮੰਨੀਏ ਤਾਂ ਜਨੇਵਾ ਇੰਟਰਨੈਸ਼ਨਲ ਮੋਟਰ ਸ਼ੋਅ (GIMS) ਵਲੋਂ ਮੈਨਿਊਫੈਕਚਰਰਸ ਨੂੰ ਈਮੇਲ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਸਵਿਸ ਅਧਿਕਾਰੀਆਂ ਨੇ 15 ਕੋਰੋਨਾਵਾਇਰਸ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਜਨੇਵਾ ਮੋਟਰ ਸ਼ੋਅ ਨੂੰ ਰੱਦ ਕਰ ਦਿੱਤਾ ਹੈ। ਇਟਲੀ ’ਚ ਇਸ ਵਾਇਰਸ ਨਾਲ ਘੱਟੋ-ਘੱਟ 650 ਲੋਕ ਪ੍ਰਭਾਵਿਤ ਹੋਏ ਅਤੇ ਅਤੇ 17 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਫ੍ਰਾਂਸੀਸੀ ਅਧਿਕਾਰੀਆਂ ਨੇ 38 ਮਾਮਲਿਆਂ ਅਤੇ 2 ਮੌਤਾਂ ਦੀ ਸੂਚਨਾ ਦਿੱਤੀ ਹੈ।