ਸੁਨਹਿਰੇ ਭਵਿੱਖ ਦੀ ਆਸ 'ਚ ਕੈਨੇਡਾ ਗਏ 2 ਪੰਜਾਬੀ ਨੌਜਵਾਨਾਂ ਦੀ ਦਰਦਨਾਕ ਹਾਦਸੇ 'ਚ ਮੌਤ
Tuesday, Jun 04, 2024 - 06:17 PM (IST)
ਵੈਨਕੂਵਰ : ਕੈਨੇਡਾ ਤੋਂ ਮੰਦਭਾਗੀ ਖ਼਼ਬਰ ਸਾਹਮਣੇ ਆਈ ਹੈ। ਇੱਥੇ ਵਾਪਰੇ ਇਕ ਦਰਦਨਾਕ ਹਾਦਸੇ ਦੌਰਾਨ 2 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਕੈਨੇਡੀਅਨ ਪੁਲਸ (ਆਰ.ਸੀ.ਐਮ.ਪੀ.) ਨੇ ਦੱਸਿਆ ਕਿ ਬੀ.ਸੀ. ਦੇ ਸੌਰੈਂਟੋ ਸ਼ਹਿਰ ਨੇੜੇ ਹਾਈਵੇਅ 1 ’ਤੇ ਇਕ ਸੈਮੀ ਟਰੱਕ ਅਚਾਨਕ ਬੇਕਾਬੂ ਹੋਣ ਮਗਰੋਂ ਪਲਟ ਗਿਆ ਅਤੇ ਸਾਹਮਣੇ ਤੋਂ ਆ ਰਹੇ ਟਰੱਕ ਵਿਚ ਜਾ ਵੱਜਿਆ। ਟੱਕਰ ਐਨੀ ਖਤਰਨਾਕ ਸੀ ਕਿ ਟਰੱਕ ਦਾ ਡਰਾਈਵਰ ਅਤੇ ਉਸ ਦਾ ਸਾਥੀ ਮੌਕੇ ’ਤੇ ਹੀ ਦਮ ਤੋੜ ਗਏ, ਜਿਨ੍ਹਾਂ ਦੀ ਸ਼ਨਾਖਤ ਹਰਜੀਤ ਸਿੰਘ ਅਤੇ ਸੁਖਪਾਲ ਸਿੰਘ ਵਜੋਂ ਕੀਤੀ ਗਈ ਹੈ।
ਬੀ.ਸੀ. ਵਿਖੇ ਕੈਨੇਡੀਅਨ ਪੁਲਸ ਦੇ ਬੁਲਾਰੇ ਕਾਰਪੋਰਲ ਜੇਮਜ਼ ਗ੍ਰੈਂਡੀ ਨੇ ਦੱਸਿਆ ਕਿ ਮਰਨ ਵਾਲੇ ਦੋਵੇਂ ਜਣੇ ਸੜਕ ’ਤੇ ਪਲਟੇ ਟਰੱਕ ਵਿਚ ਸਵਾਰ ਸਨ ਜਦਕਿ ਸਾਹਮਣੇ ਤੋਂ ਆ ਰਹੇ ਟਰੱਕ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਵੱਜੀਆਂ। ਪੁਲਸ ਵੱਲੋਂ ਭਾਵੇਂ ਟਰੱਕ ਡਰਾਈਵਰਾਂ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ ਪਰ ਹਰਪ੍ਰੀਤ ਕੌਰ ਬਰਾੜ ਵੱਲੋਂ ਗੋਫੰਡਮੀ ਪੇਜ ਸਥਾਪਤ ਕਰਦਿਆਂ ਹਰਜੀਤ ਸਿੰਘ ਅਤੇ ਸੁਖਪਾਲ ਸਿੰਘ ਦੀਆਂ ਦੇਹਾਂ ਪੰਜਾਬ ਭੇਜਣ ਲਈ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਗਈ ਹੈ। 28 ਸਾਲ ਦਾ ਹਰਜੀਤ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਸੀ ਜਦਕਿ 32 ਸਾਲ ਦਾ ਸੁਖਪਾਲ ਸਿੰਘ ਬਠਿੰਡੇ ਜ਼ਿਲ੍ਹੇ ਨਾਲ ਸਬੰਧਤ ਦੱਸਿਆ ਗਿਆ। ਦੋਵੇਂ ਜਣੇ ਬਿਹਤਰ ਭਵਿੱਖ ਦੀ ਤਲਾਸ਼ ਵਿਚ 2023 ਵਿਚ ਕੈਨੇਡਾ ਆਏ ਸਨ ਅਤੇ ਬਤੌਰ ਟਰੱਕ ਡਰਾਈਵਰ ਕੰਮ ਕਰਨ ਲੱਗੇ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਅਨ ਡਿਫੈਂਸ ਫੋਰਸ 'ਚ ਖੁੱਲ੍ਹੇਗੀ ਗੈਰ-ਨਾਗਰਿਕਾਂ ਲਈ ਭਰਤੀ
ਹਰਪ੍ਰੀਤ ਕੌਰ ਬਰਾੜ ਨੇ ਕਿਹਾ ਕਿ ਹਰਜੀਤ ਸਿੰਘ ਅਤੇ ਸੁਖਪਾਲ ਸਿੰਘ ਦੀ ਬੇਵਕਤੀ ਮੌਤ ਨਾਲ ਇਨ੍ਹਾਂ ਦੇ ਪਰਿਵਾਰਾਂ ਅਸਹਿਣਯੋਗ ਸਦਮਾ ਲੱਗਾ ਹੈ। ਦੋਹਾਂ ਪਰਵਾਰਾਂ ਨੂੰ ਜਿਥੇ ਵੱਡਾ ਜਾਨੀ ਨੁਕਸਾਨ ਹੋਇਆ ਹੈ, ਉਥੇ ਹੀ ਦੋਵੇਂ ਪਰਿਵਾਰ ਆਮਦਨ ਤੋਂ ਵਾਂਝੇ ਹੋ ਗਏ। ਪਰਵਾਰਾਂ 'ਤੇ ਪਏ ਆਰਥਿਕ ਬੋਝ ਨੂੰ ਘਟਾਉਣ ਅਤੇ ਦੋਹਾਂ ਦੀਆਂ ਦੇਹਾਂ ਪੰਜਾਬ ਭੇਜਣ ਲਈ 50 ਹਜ਼ਾਰ ਡਾਲਰ ਇਕੱਤਰ ਕਰਨ ਦਾ ਟੀਚਾ ਰੱਖਿਆ ਗਿਆ ਜੋ ਜਲਦ ਹੀ ਪੂਰਾ ਹੋ ਗਿਆ। ਉਧਰ ਕੈਨੇਡੀਅਨ ਪੁਲਸ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੇ ਕਿਸੇ ਕੋਲ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ 250 679 3221 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।