ਪਾਕਿਸਤਾਨ ’ਚ ਧਮਾਕਾ, ਏ. ਐੱਸ. ਆਈ. ਸਮੇਤ 5 ਪੁਲਸ ਮੁਲਾਜ਼ਮ ਜ਼ਖ਼ਮੀ
Tuesday, Apr 07, 2026 - 10:35 PM (IST)
ਪਿਸ਼ਾਵਰ, (ਭਾਸ਼ਾ)- ਪਾਕਿਸਤਾਨ ਦੇ ਉੱਤਰ-ਪੱਛਮੀ ਖੇਤਰ ਵਿਚ ਮੰਗਲਵਾਰ ਨੂੰ ਇਕ ਆਈ. ਈ. ਡੀ. ਧਮਾਕੇ ਵਿਚ ਇਕ ਅਧਿਕਾਰੀ ਸਮੇਤ ਘੱਟੋ-ਘੱਟ 5 ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲਸ ਅਨੁਸਾਰ ਇਹ ਘਟਨਾ ਅਸ਼ਾਂਤ ਖ਼ੈਬਰ ਪਖਤੂਨਖਵਾ ਸੂਬੇ ਦੇ ਲੱਕੀ ਮਰਵਤ ਜ਼ਿਲੇ ਵਿਚ ਵਾਪਰੀ, ਜਿਸ ਵਿਚ ਪੁਲਸ ਦੇ ਇਕ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ। ਧਮਾਕਾ ਉਸ ਸਮੇਂ ਹੋਇਆ ਜਦੋਂ ਪੁਲਸ ਮੁਲਾਜ਼ਮ ਪਿਸ਼ਾਵਰ-ਕਰਾਚੀ ਸਿੰਧ ਹਾਈਵੇਅ ਦੇ ਬੰਨੂ-ਡੇਰਾ ਇਸਮਾਈਲ ਖਾਨ ਖੰਡ ’ਤੇ ਗਸ਼ਤ ਕਰ ਰਹੇ ਸਨ।
ਜ਼ਿਲਾ ਪੁਲਸ ਦੇ ਬੁਲਾਰੇ ਕੁਦਰਤੁੱਲਾ ਨੇ ਦੱਸਿਆ ਕਿ ਇਹ ਹਮਲਾ ‘ਫਿਤਨਾ ਅਲ-ਖਵਾਰਿਜ’ ਦੇ ਅੱਤਵਾਦੀਆਂ ਵੱਲੋਂ ਕੀਤਾ ਗਿਆ ਹੈ। ‘ਫਿਤਨਾ ਅਲ-ਖਵਾਰਿਜ’ ਸ਼ਬਦ ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਜੁੜੇ ਅੱਤਵਾਦੀਆਂ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਸੜਕ ਕਿਨਾਰੇ ਖੜ੍ਹੇ ਇਕ ਮੋਟਰਸਾਈਕਲ ’ਚ ਆਈ. ਈ. ਡੀ. ਲਾਇਆ ਸੀ, ਜੋ ਪੁਲਸ ਵਾਹਨ ਦੇ ਉੱਥੋਂ ਲੰਘਣ ਦੌਰਾਨ ਜ਼ੋਰਦਾਰ ਧਮਾਕੇ ਨਾਲ ਫਟ ਗਿਆ।
ਬੁਲਾਰੇ ਅਨੁਸਾਰ ਇਸ ਹਮਲੇ ਵਿਚ ਇਕ ਸਹਾਇਕ ਸਬ-ਇੰਸਪੈਕਟਰ (ਏ. ਐੱਸ. ਆਈ.) ਅਤੇ 4 ਕਾਂਸਟੇਬਲ ਜ਼ਖ਼ਮੀ ਹੋਏ ਹਨ ਅਤੇ ਪੁਲਸ ਦੇ ਵਾਹਨ ਨੂੰ ਵੀ ਨੁਕਸਾਨ ਪਹੁੰਚਿਆ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਜ਼ਿਲਾ ਹੈੱਡਕੁਆਰਟਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਪੁਲਸ ਨੇ ਇਲਾਕੇ ਨੂੰ ਘੇਰ ਲਿਆ ਅਤੇ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
