ਅਫਗਾਨਿਸਤਾਨ ਦੇ ਨੇੜੇ ਸੁਰੱਖਿਆ ਚੌਕੀ ’ਤੇ ਹੋਏ ਹਮਲੇ ’ਚ 2 ਪਾਕਿਸਤਾਨੀ ਫ਼ੌਜੀਆਂ ਦੀ ਮੌਤ

Thursday, Jul 01, 2021 - 03:34 PM (IST)

ਅਫਗਾਨਿਸਤਾਨ ਦੇ ਨੇੜੇ ਸੁਰੱਖਿਆ ਚੌਕੀ ’ਤੇ ਹੋਏ ਹਮਲੇ ’ਚ 2 ਪਾਕਿਸਤਾਨੀ ਫ਼ੌਜੀਆਂ ਦੀ ਮੌਤ

ਪੇਸ਼ਾਵਰ : ਉਤਰੀ-ਪੱਛਮੀ ਪਾਕਿਸਤਾਨ ਵਿਚ ਅਫਗਾਨਿਸਤਾਨ ਦੇ ਨੇੜੇ ਇਕ ਸੁਰੱਖਿਆ ਚੌਕੀ ’ਤੇ ਹੋਈ ਗੋਲੀਬਾਰੀ ਵਿਚ 2 ਪਾਕਿਸਤਾਨੀ ਫ਼ੌਜੀ ਮਾਰੇ ਗਏ। ਪਾਕਿਸਤਾਨ ਦੀ ਫ਼ੌਜ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪਾਕਿਸਤਾਨੀ ਫ਼ੌਜ ਦੀ ਮੀਡੀਆ ਵਿੰਗ ਇੰਟਰ-ਸਰਵਿਸ ਪਬਲਿਕ ਰਿਲੇਸ਼ਨਜ਼ (ਆਈ.ਐਸ.ਪੀ.ਆਰ.) ਨੇ ਕਿਹਾ ਕਿ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਕਬਾਇਲੀ ਜ਼ਿਲ੍ਹੇ ਉਤਰੀ ਵਜੀਰੀਸਤਾਨ ਵਿਚ ਦੱਤਾ ਖੇਡ ਤਹਿਸੀਲ ਦੇ ਖੁਦਰ ਖੇਡ ਇਲਾਕੇ ਵਿਚ ਸਰਹੱਦ ਪਾਰ ਤੋਂ ਅੱਤਵਾਦੀਆਂ ਨੇ ਸੁਰੱਖਿਆ ਚੌਕੀ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ। ਇਸ ਹਮਲੇ ਵਿਚ 2 ਫ਼ੌਜੀ ਮਾਰੇ ਗਏ।

ਆਈ.ਐਸ.ਪੀ.ਆਰ. ਨੇ ਕਿਹਾ ਕਿ ਪਾਕਿਸਤਾਨੀ ਫ਼ੌਜੀਆਂ ਨੇ ਹਮਲੇ ’ਤੇ ਜਵਾਬੀ ਕਾਰਵਾਈ ਕੀਤੀ। ਫ਼ੌਜ ਦੀ ਮੀਡੀਆ ਵਿੰਗ ਮੁਤਾਬਕ ਪਾਕਿਸਤਾਨ ਲਗਾਤਾਰ ਅਫਗਾਨਿਸਤਾਨ ਨੂੰ ਸਰਹੱਦ ’ਤੇ ਪ੍ਰਭਾਵੀ ਪ੍ਰਬੰਧਨ ਅਤੇ ਨਿਯੰਤਰਨ ਯਕੀਨੀ ਕਰਨ ਲਈ ਕਹਿੰਦਾ ਰਿਹਾ ਹੈ। ਆਈ.ਐਸ.ਪੀ.ਆਰ. ਨੇ ਕਿਹਾ, ‘ਅੱਤਵਾਦੀਆਂ ਵੱਲੋਂ ਅਫ਼ਗਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਕਰ ਪਾਕਿਸਤਾਨ ਖ਼ਿਲਾਫ਼ ਨਿਰੰਤਰ ਗਤੀਵਿਧੀਆਂ ਕੀਤੇ ਜਾਣ ਦੀ ਪਾਕਿਸਤਾਨ ਸਖ਼ਤ ਨਿੰਦਾ ਕਰਦਾ ਹੈ।’

ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਘਟਨਾ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਨੇ ਸਰਹੱਦੀ ਚੌਕੀ ’ਤੇ ਹਮਲੇ ਵਿਚ 2 ਫ਼ੌਜੀਆਂ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ। ਉਤਰੀ ਵਜੀਰੀਸਤਾਨ ਅਤੇ ਹੋਰ ਕਬਾਇਲੀ ਖੇਤਰਾਂ ਨੂੰ 2018 ਵਿਚ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਵਿਚ ਮਿਲਾ ਦਿੱਤਾ ਗਿਆ ਸੀ। ਇਹ ਖੇਤਰ ਲੰਬੇ ਸਮੇਂ ਤੋਂ ਸਥਾਨਕ ਅਤੇ ਵਿਦੇਸ਼ੀ ਅੱਤਵਾਦੀਆਂ ਦੀ ਪਨਾਹਗਾਹ ਰਹੇ ਹਨ।


author

cherry

Content Editor

Related News