ਪਾਕਿ ''ਚ ਉਪ ਚੋਣਾਂ ਦੌਰਾਨ ਹਿੰਸਕ ਝੜਪਾਂ, 2 ਦੀ ਮੌਤ
Saturday, Feb 20, 2021 - 08:41 PM (IST)
ਲਾਹੌਰ-ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਉਪ ਚੋਣਾਂ ਦੌਰਾਨ ਸੱਤਾਧਾਰੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਅਤੇ ਵਿਰੋਧੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਵਰਕਰਾਂ ਦਰਮਿਆਨ ਹਿੰਸਕ ਝੜਪਾਂ ਹੋਈਆਂ। ਇਸ ਸਮੇਂ ਹੋਈ ਫਾਇਰਿੰਗ ਦੌਰਾਨ ਦੋ ਵਿਅਕਤੀ ਮਾਰੇ ਗਏ ਅਤੇ 12 ਹੋਰ ਜ਼ਖਮੀ ਹੋ ਗਏ। ਦਸਕਾ ਵਿਖੇ ਨੈਸ਼ਨਲ ਅਸੈਂਬਲੀ ਦੀਆਂ 75 ਸੀਟਾਂ ਲਈ ਹੋਈਆਂ ਉਪ ਚੋਣਾਂ ਦੌਰਾਨ ਮਾੜੇ ਸੁਰੱਖਿਆ ਪ੍ਰਬੰਧਾਂ ਕਾਰਣ ਇਹ ਹਿੰਸਾ ਵਾਪਰੀ। ਵੀਡੀਓ ਫੁਟੇਜ ਵਿਚ ਝਗੜੇ ਦੌਰਾਨ ਕਿਤੇ ਵੀ ਪੁਲਸ ਮੁਲਾਜ਼ਮ ਨਜ਼ਰ ਨਹੀਂ ਆਏ। ਦੋਹਾਂ ਧਿਰਾਂ ਨੇ ਇਕ ਦੂਜੇ ਨੂੰ ਹਿੰਸਾ ਲਈ ਜ਼ਿੰਮੇਵਾਰ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ -ਮਾਸਕੋ ਦੀ ਅਦਾਲਤ ਨੇ ਵਿਰੋਧੀ ਧਿਰ ਦੇ ਨੇਤਾ ਨਵਲਨੀ ਦੀ ਅਪੀਲ ਕੀਤੀ ਖਾਰਿਜ
ਪੀ.ਟੀ.ਆਈ. ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਚ ਵਿਸ਼ੇਸ਼ ਸਹਾਇਕ ਸੂਚਨਾ ਅਧਿਕਾਰੀ ਫਿਰਦੌਸ ਆਸ਼ਿਕ ਆਵਾਨ ਨੇ ਕਿਹਾ ਕਿ ਹਿੰਸਾ ਵਿਚ ਮਾਰੇ ਗਏ ਦੋਵੇਂ ਵਿਅਕਤੀ ਪੀ.ਟੀ.ਆਈ. ਦੇ ਵਰਕਰ ਸਨ। 8 ਵਿਅਕਤੀ ਪਾਕਿਸਤਾਨ ਮੁਸਲਿਮ ਲੀਗ ਦੇ ਇਕ ਉਮੀਦਵਾਰ ਦੇ ਸੁਰੱਖਿਆ ਮੁਲਾਜ਼ਮਾਂ ਵਲੋਂ ਚਲਾਈਆਂ ਗਈਆਂ ਗੋਲੀਆਂ ਕਾਰਣ ਜ਼ਖਮੀ ਹੋਏ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਲਈ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਮੁਸਲਿਮ ਲੀਗ ਦੀ ਬੁਲਾਰਣ ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਪੀ.ਟੀ.ਆਈ. ਦੇ ਵਰਕਰਾਂ ਵਲੋਂ ਚਲਾਈ ਗਈ ਗੋਲੀ ਕਾਰਣ ਉਨ੍ਹਾਂ ਦੇ ਇਕ ਪਾਰਟੀ ਵਰਕਰ ਦੀ ਮੌਤ ਹੋ ਗਈ। 4 ਵਰਕਰਾਂ ਨੂੰ ਗੋਲੀਆਂ ਲੱਗੀਆਂ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।
ਇਹ ਵੀ ਪੜ੍ਹੋ -ਰੂਸ ਨੇ ਕੋਰੋਨਾ ਦੀ ਤੀਸਰੀ ਵੈਕਸੀਨ ਕਰਵਾਈ ਰਜਿਸਟਰਡ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।