ਪਾਕਿਸਤਾਨ ਦੇ ਕਰਾਚੀ ’ਚ ਮੋਬਾਈਲ ਕੰਪਨੀ ਦੇ 2 ਮੁਲਾਜ਼ਮਾਂ ਦਾ ਬੇਰਹਿਮੀ ਨਾਲ ਕਤਲ
Saturday, Oct 29, 2022 - 11:54 AM (IST)
ਇਸਲਾਮਾਬਾਦ- ਪਾਕਿਸਤਾਨ ਦੇ ਕਰਾਚੀ 'ਚ ਭੀੜ ਨੇ ਇਕ ਮੋਬਾਇਲ ਕੰਪਨੀ ਦੇ ਦੋ ਕਰਮਚਾਰੀਆਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਪਾਕਿਸਤਾਨ ਦੇ ਵਪਾਰਕ ਹੱਬ ਕਰਾਚੀ ਦੀ ਮੱਛਰ ਕਲੋਨੀ ’ਚ ਸ਼ੁੱਕਰਵਾਰ ਦੁਪਹਿਰ ਨੂੰ ਵਾਪਰੀ। ਕੀਮਾੜੀ ਦੇ ਸੀਨੀਅਰ ਪੁਲਸ ਕਪਤਾਨ (ਐੱਸ.ਐੱਸ.ਪੀ) ਫਿਦਾ ਹੁਸੈਨ ਜਾਨਵਰੀ ਨੇ ਦੱਸਿਆ ਕਿ ਮੋਬਾਈਲ ਕੰਪਨੀ ਦੇ ਦੋ ਕਰਮਚਾਰੀ ਸਿਗਨਲ ਲਈ ਐਂਟੀਨਾ ਦੀ ਜਾਂਚ ਕਰਨ ਲਈ ਖੇਤਰ ’ਚ ਗਏ ਸਨ। ਪੁਲਸ ਨੇ ਅਗਵਾਕਾਰ ਹੋਣ ਦੇ ਸ਼ੱਕ 'ਚ ਦੋਵਾਂ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ- ਪਾਕਿਸਤਾਨ 'ਚ 10 ਸਾਲਾ ਬੱਚੀ ਨੂੰ ਕੀਤਾ ਅਗਵਾ, 80 ਸਾਲਾ ਬਜ਼ੁਰਗ ਨਾਲ ਜ਼ਬਰਨ ਕਰਵਾਇਆ ਨਿਕਾਹ
ਐੱਸ.ਐੱਸ.ਪੀ ਨੇ ਕਿਹਾ ਕਿ ‘ਅਸੀਂ ਅੱਠ ਹੋਰਾਂ ਦੀ ਪਛਾਣ ਕੀਤੀ ਹੈ। ਅਸੀਂ ਇਲਾਕੇ ’ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਾਂਗੇ। ਹੋਰ ਸ਼ੱਕੀਆਂ ਨੂੰ ਫੜਨ ਲਈ ਗਵਾਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।’ ਉਨ੍ਹਾਂ ਕਿਹਾ ਕਿ ‘ਜਿਵੇਂ ਹੀ ਇੱਕ ਮੋਬਾਈਲ ਕੰਪਨੀ ਦੇ ਦੋ ਕਰਮਚਾਰੀ ਆਪਣੀ ਕਾਰ ’ਚ ਇਲਾਕੇ ਵਿਚ ਪਹੁੰਚੇ ਤਾਂ ਕੁਝ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਅਫਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਅਗਵਾਕਾਰ ਹਨ, ਜੋ ਬੱਚਿਆਂ ਨੂੰ ਅਗਵਾ ਕਰਨ ਆਏ ਹਨ।’ ਅਧਿਕਾਰੀ ਨੇ ਦੱਸਿਆ ਕਿ ਹਾਲ ਹੀ ’ਚ ਇਲਾਕੇ ’ਚੋਂ ਬੱਚੇ ਲਾਪਤਾ ਹੋਣ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ ਸੀ।
ਪੁਲਸ ਦੀ ਸ਼ੁਰੂਆਤੀ ਜਾਂਚ ਦੇ ਅਨੁਸਾਰ ਅਫਵਾਹ ਤੋਂ ਬਾਅਦ ਲਗਭਗ 500 ਲੋਕਾਂ ਦੀ ਭੀੜ ਇਕੱਠੀ ਹੋ ਗਈ। ਪੁਲਸ ਸਰਜਨ ਡਾ. ਸੁਮਈਆ ਸਈਦ ਨੇ ਕਿਹਾ ਕਿ “ਜਦੋਂ ਦੋਵੇਂ ਕਰਮਚਾਰੀਆਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਸ ਦੇ ਸਿਰ ’ਚ ਕਈ ਫਰੈਕਚਰ ਵੀ ਹੋਏ ਸਨ। ਸਈਦ ਨੇ ਦੱਸਿਆ ਕਿ ਮੋਬਾਈਲ ਕੰਪਨੀ ਦੇ ਦੋਵਾਂ ਕਰਮਚਾਰੀਆਂ ਦਾ ਪੋਸਟਮਾਰਟਮ ਪੂਰਾ ਹੋ ਗਿਆ ਹੈ ਅਤੇ ਉਨ੍ਹਾਂ ਦੇ ਚਿਹਰੇ ਅਤੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ।