ਕੈਨੇਡਾ ''ਚ ਸਾਲ ਦੇ ਅਖ਼ੀਰ ਤੱਕ 4 ਲੱਖ ਤੋਂ ਵਧੇਰੇ ਪ੍ਰਵਾਸੀ ਹੋਣਗੇ ਪੱਕੇ, ਜਾਣੋ ਸਰਕਾਰ ਦੀ ਯੋਜਨਾ
Friday, Aug 26, 2022 - 06:28 PM (IST)
ਟੋਰਾਂਟੋ (ਬਿਊਰੋ)- ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਦੱਸਿਆ ਕਿ ਇਸ ਸਾਲ ਦੇ ਅਖੀਰ ਤੱਕ 4,31,000 ਪ੍ਰਵਾਸੀਆਂ ਨੂੰ ਦੇਸ਼ 'ਚ ਪੱਕੇ ਤੌਰ 'ਤੇ ਮੌਕਾ ਦੇਣ ਦਾ ਟੀਚਾ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ 1 ਜਨਵਰੀ ਤੋਂ 31 ਜੁਲਾਈ 2022 ਤੱਕ 275000 ਤੋਂ ਵੱਧ ਪ੍ਰਵਾਸੀਆਂ ਨੂੰ ਪੱਕੇ ਕੀਤਾ ਜਾ ਚੁੱਕਾ ਹੈ। ਇਸ ਸਮੇਂ ਕੈਨੇਡਾ 'ਚ ਜਾਣ ਲਈ ਲਗਭਗ 28 ਲੱਖ ਲੋਕ ਅਪਲਾਈ ਕਰਕੇ ਕੈਨੇਡੀਅਨ ਵੀਜ਼ਾ ਅਧਿਕਾਰੀਆਂ ਦੇ ਫ਼ੈਸਲੇ ਦੀ ਉਡੀਕ ਰਹੇ ਹਨ। ਇਮੀਗ੍ਰੇਸ਼ਨ ਮੰਤਰੀ ਫਰੇਜ਼ਰ ਨੇ ਦੱਸਿਆ ਕਿ ਵੀਜਾ, ਵਰਕ ਪਰਿਮਟ, ਪੱਕੀ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਦੀਆਂ ਅਰਜ਼ੀਆਂ ਦਾ ਨਿਪਟਾਰਾ ਮਿਥੇ ਹੋਏ ਮਿਆਰਾਂ ਦੇ ਅਨੁਕੂਲ ਕਰਨ ਲਈ 1250 ਮੁਲਾਜ਼ਮਾਂ ਦੀ ਨਵੀਂ ਭਰਤੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਐਕਸਪ੍ਰੈਸ ਐਂਟਰੀ 'ਚੋਂ ਡਰਾਅ ਲਗਾਤਾਰ ਕੱਢੇ ਜਾ ਰਹੇ ਹਨ ਅਤੇ ਜਿਨ੍ਹਾਂ ਉਮੀਦਵਾਰਾਂ ਨੂੰ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ, ਉਨ੍ਹਾਂ ਦੀਆਂ ਅਰਜ਼ੀਆਂ ਦਾ ਫ਼ੈਸਲਾ 6 ਮਹੀਨਿਆਂ 'ਚ ਕਰਨ ਦਾ ਟੀਚਾ ਹੈ, ਜਿਸ ਨੂੰ ਅਗਲੇ ਸਾਲ ਦੇ ਸ਼ੁਰੂ 'ਚ ਪੂਰਾ ਕਰ ਲਿਆ ਜਾਵੇਗਾ। ਇਹ ਵੀ ਕਿ ਵਿਆਹੁਤਾ ਪ੍ਰਵਾਸੀ (ਪਤੀ ਜਾਂ ਪਤਨੀ) ਦਾ ਇਮੀਗ੍ਰੇਸ਼ਨ ਕੇਸ 1 ਸਾਲ 'ਚ ਨਿਪਟਾ ਦੇਣ ਦਾ ਟੀਚਾ ਹੈ।ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਬੀਤੇ ਸਾਲ ਦੌਰਾਨ ਲਗਭਗ ਦੋ ਲੱਖ ਵਰਕ ਪਰਮਿਟ ਜਾਰੀ ਕੀਤੇ ਗਏ ਸਨ ਪਰ ਇਸ ਸਾਲ 'ਚ ਜੁਲਾਈ ਤੱਕ 3,50,000 ਦੇ ਕਰੀਬ ਵਰਕ ਪਰਮਿਟ (2,20,000 ਓਪਨ ਵਰਕ ਪਰਮਿਟਾਂ ਸਮੇਤ) ਮਨਜ਼ੂਰ ਕੀਤੇ ਜਾ ਚੁੱਕੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਵੱਡੀ ਖ਼ਬਰ: ਬੰਬੀਹਾ ਗਰੁੱਪ ਦੇ ਗੈਂਸਗਸਟਰ ਦਾ ਗੋਲੀਆਂ ਮਾਰ ਕੇ ਕਤਲ! ਗੋਲਡੀ ਬਰਾੜ ਗੈਂਗ ਨੇ ਲਈ ਜ਼ਿੰਮੇਵਾਰੀ
ਦੇਸ਼ 'ਚ ਕਾਮਿਆਂ ਦੀ ਘਾਟ ਕਾਰਨ ਸਾਬਕਾ ਵਿਦੇਸ਼ੀ ਵਿਦਿਆਰਥੀਆਂ ਅਤੇ ਵਰਕਰਾਂ ਨੂੰ ਕੰਮ ਕਰਨ ਦਾ ਮੌਕਾ ਮਿਲਣਾ ਜਾਰੀ ਹੈ।ਅੰਕੜਿਆਂ ਮੁਤਾਬਿਕ ਕੈਨੇਡਾ ਵਲੋਂ ਰੋਜ਼ਾਨਾ ਲਗਭਗ 1700 ਵਰਕ ਪਰਮਿਟ ਮਨਜ਼ੂਰ ਕੀਤੇ ਜਾ ਰਹੇ ਹਨ। 2022 ਦੇ ਬੀਤੇ ਮਹੀਨਿਆਂ ਦੌਰਾਨ 3,60,000 ਤੋਂ ਵੱਧ ਸਟੱਡੀ ਪਰਮਿਟ ਜਾਰੀ ਕੀਤੇ ਗਏ ਹਨ ਪਰ ਭਾਰਤੀ ਵਿਦਿਆਰਥੀਆਂ ਨੂੰ ਬੀਤੇ ਸਾਲਾਂ ਦੇ ਮੁਕਾਬਲੇ ਇਸ ਸਾਲ 'ਚ ਸਟੱਡੀ ਪਰਮਿਟ ਤੋਂ ਇਨਕਾਰ ਵੱਧ ਕੀਤੇ ਜਾਣ ਦੀਆਂ ਖ਼ਬਰਾਂ ਪ੍ਰਾਪਤ ਹੋ ਰਹੀਆਂ ਹਨ। ਇਸੇ ਦੌਰਾਨ ਵਿਦੇਸ਼ਾਂ ਤੋਂ ਕੈਨੇਡਾ 'ਚ ਟੂਰਿਸਟ ਵੀਜ਼ਾ ਨਾਲ ਪੁੱਜ ਰਹੇ ਵਿਦੇਸ਼ੀਆਂ ਨੂੰ ਵਰਕ ਪਰਮਿਟ ਲੈ ਕੇ ਕੰਮ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਸ ਪ੍ਰੋਗਰਾਮ ਨੂੰ ਫਰਵਰੀ 2023 ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।