2.2 ਅਰਬ ਲੋਕ ਨਜ਼ਰ ਸਬੰਧੀ ਸਮੱਸਿਆਵਾਂ ਨਾਲ ਪੀੜਤ

10/10/2019 9:20:25 AM

ਜੇਨੇਵਾ, (ਅਨਸ)- ਦ੍ਰਿਸ਼ਟੀ ਸਬੰਧੀ ਸਮੱਸਿਆਵਾਂ ’ਚ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੀ ਰਿਪੋਰਟ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਬੱਚਿਆਂ ਵਲੋਂ ਜ਼ਿਆਦਾ ਸਮਾਂਂ ਘਰਾਂ ਦੇ ਅੰਦਰ ਬਿਤਾਉਣ ਕਾਰਣ ਨਜ਼ਰ ਸਬੰਧੀ ਸਮੱਸਿਆਵਾਂ ਵਧ ਰਹੀਆਂ ਹਨ। ਖਬਰ ਮੁਤਾਬਕ ਮੰਗਲਵਾਰ ਛਪੀ ਰਿਪੋਰਟ ’ਚ ਇਨ੍ਹਾਂ ਵਧ ਰਹੀਆਂ ਸਮੱਸਿਆਵਾਂ ਨੂੰ ਸਿੱਧੇ ਸਮਾਰਟਫੋਨ ਜਾਂ ਹੋਰ ਕਿਸੇ ਸਕ੍ਰੀਨ ਨਾਲ ਨਹੀਂ ਜੋੜਿਆ ਗਿਆ ਹੈ।

ਅੰਨ੍ਹੇਪਣ ਅਤੇ ਬੋਲੇਪਣ ਦੀ ਰੋਕਥਾਮ ਨਾਲ ਜੁੜੀ ਡਬਲਿਊ. ਐੱਚ. ਓ. ਦੀ ਕੋਆਰਡੀਨੇਟਰ ਸਪੇਨ ਦੀ ਡਾਕਟਰ ਅਲਾਕਰੋਸ ਸੀਜਾ ਵਲੋਂ ਪੇਸ਼ ਦਸਤਾਵੇਜ਼ ’ਚ ਖੁਲਾਸਾ ਹੋਇਆ ਹੈ ਕਿ ਦੁਨੀਆਭਰ ’ਚ 2.2 ਅਰਬ ਲੋਕ ਅੱਖਾਂ ਨਾਲ ਜੁੜੀ ਕਿਸੇ ਨਾ ਕਿਸੇ ਸਮੱਸਿਆ ਤੋਂ ਪੀੜਤ ਹਨ। ਕਈ ਦੇਸ਼ਾਂ ’ਚ ਬਜ਼ੁਰਗਾਂ ਦੀ ਵਧਦੀ ਗਿਣਤੀ ਅਤੇ ਖਾਸ ਕਰ ਕੇ ਘੱਟ ਆਮਦਨ ਵਾਲੇ ਦੇਸ਼ਾਂ ’ਚ ਅੱਖਾਂ ਦਾ ਇਲਾਜ ਪੂਰੀ ਤਰ੍ਹਾਂ ਮੁਹੱਈਆ ਨਾ ਹੋਣਾ ਇਸ ਦੇ ਲਈ ਕੁਝ ਹੱਦ ਤੱਕ ਜ਼ਿੰਮੇਵਾਰ ਹਨ ਪਰ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਦੇ ਮਾਮਲੇ ਵਧਣ ਦੇ ਪਿੱਛੇ ਸਰੀਰਕ ਸਰਗਰਮੀ ਘੱਟ ਅਤੇ ਜੀਵਨਸ਼ੈਲੀ ’ਚ ਬਦਲਾਅ ਮੁੱਖ ਕਾਰਣ ਹਨ।

ਡਾ. ਸੀਜਾ ਨੇ ਦੱਸਿਆ ਕਿ ਸਾਨੂੰ ਆਪਣੇ ਬੱਚਿਆਂ ਨੂੰ ਘਰ ਦੇ ਬਾਹਰ ਜ਼ਿਆਦਾ ਸਮਾਂ ਬਿਤਾਉਣ ਲਈ ਪ੍ਰੇਰਿਤ ਕਰਨਾ ਹੋਵੇਗਾ, ਕਿਉਂਕਿ ਇਸ ਦਾ ਸਬੰਧ ਨਾ ਸਿਰਫ ਮੋਟਾਪਾ ਰੋਕਣ ਸਗੋਂ ਮਾਇਓਪੀਆ ਰੋਕਣ ਤੋਂ ਵੀ ਹੈ। ਹਾਲਾਂਕਿ ਨਾ ਤਾਂ ਉਨ੍ਹਾਂ ਨੇ ਅਤੇ ਨਾ ਹੀ ਉਨ੍ਹਾਂ ਦੀ ਰਿਪੋਰਟ ’ਚ ਬੱਚਿਆਂ ਨੂੰ ਕੰਪਿਊਟਰ, ਟੀ. ਵੀ., ਮੋਬਾਇਲ ਅਤੇ ਹੋਰ ਸਕ੍ਰੀਨ ਡਿਵਾਈਸਜ਼ ’ਤੇ ਘੱਟ ਸਮਾਂ ਬਿਤਾਉਣ ਦੀ ਸਿੱਧੇ ਤੌਰ ’ਤੇ ਸਲਾਹ ਦਿੱਤੀ ਗਈ ਹੈ।


Related News