ਹੁਣ ਕੈਨੇਡਾ ਦੇ ਹਾਊਸ ਆਫ ਕਾਮਨਸ ''ਚ ਗੂੰਜਿਆ 1984 ਦੰਗਾ ਮਾਮਲਾ

11/03/2017 7:43:14 PM

ਓਟਾਵਾ— ਕੈਨੇਡਾ ਦੀ ਨਿਊ ਡੈਮੋਕ੍ਰੋਟਿਕ ਪਾਰਟੀ ਨੇ 1984 ਘਟਨਾਕ੍ਰਮ ਨੂੰ ਸਿੱਖ ਨਸਲਕੁਸ਼ੀ ਕਰਾਰ ਦਿੱਤਾ ਹੈ। ਪਾਰਲੀਮਾਨੀ ਆਗੂ ਗਾਏ ਕੈਰਨ ਨੇ ਹਾਊਸ ਆਫ ਕਾਮਨਸ 'ਚ ਆਪਣੇ ਬਿਆਨ ਦੀ ਸ਼ੁਰੂਆਤ ਇਨ੍ਹਾਂ ਸ਼ਬਦਾਂ ਨਾਲ ਕੀਤੀ ਕਿ ਇਹ ਦੰਗੇ ਇਹ ਦੰਗੇ ਨਹੀਂ ਸਗੋਂ ਨਸਲਕੁਸ਼ੀ ਸਨ। ਉਨ੍ਹਾਂ ਕਿਹਾ ਕਿ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਇਸ ਗੱਲ ਨੂੰ ਕਬੂਲ ਕਰ ਚੁੱਕੇ ਹਨ। 1 ਨਵੰਬਰ ਤੋਂ 3 ਨਵੰਬਰ ਤੱਕ ਕੈਨੇਡੀਅਨ ਸਿੱਖਾਂ ਤੇ ਮਨੁੱਖੀ ਅਧਿਕਾਰਾਂ ਕਾਰਕੁੰਨਾਂ ਵਲੋਂ 1984 ਦੀ ਸਿੱਖ ਨਸਲਕੁਸ਼ੀ ਦੀ 33ਵੀਂ ਬਰਸੀ ਮਨਾਈ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਿੱਖ ਪੁਰਸ਼ਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਤੇ ਔਰਤਾਂ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ। ਬੱਚਿਆਂ ਦਾ ਵੀ ਬੈਰਹਿਮੀ ਨਾਲ ਕਤਲ ਕੀਤਾ ਗਿਆ। ਮੈਂ ਚੰਗੀ ਤਰ੍ਹਾਂ ਸਮਝ ਸਕਦਾ ਹਾਂ ਕਿ ਕੈਨੇਡਾ 'ਚ ਅਜਿਹੇ ਹਜ਼ਾਰਾ ਸਿੱਖ ਰਹਿ ਰਹੇ ਹਨ, ਜਿਨ੍ਹਾਂ ਨੇ ਇਹ ਸੰਤਾਪ ਆਪਣੇ ਪਿੰਡੇ ਹੰਢਾਇਆ ਹੈ। ਐੱਨ.ਡੀ.ਪੀ. ਦੇ ਪਾਰਲੀਮਾਨੀ ਆਗੂ ਨੇ ਕਿਹਾ ਕਿ ਓਟਾਰੀਓ ਵਿਧਾਨ ਸਭਾ ਤੇ ਦਿੱਲੀ ਅਸੈਂਬਲੀ 1984 ਦੇ ਇਸ ਘਟਨਾਕ੍ਰਮ ਨੂੰ ਸਿੱਖ ਨਸਲਕੁਸ਼ੀ ਐਲਾਨ ਚੁੱਕੀਆਂ ਹਨ। ਮੈਨੂੰ ਉਮੀਦ ਹੈ ਕਿ ਇਕ ਦਿਨ ਕੈਨੇਡਾ ਦੀ ਫੈਡਰਲ ਸਰਕਾਰ ਵੀ ਅਜਿਹਾ ਹੀ ਕਰੇਗੀ। ਇਸੇ ਦੌਰਾਨ ਬਰੈਂਪਟਨ ਈਸਟ (ਓਨਟਾਰੀਓ) ਤੋਂ ਰਾਜ ਗਰੇਵਾਲ ਤੇ ਡੈਲਟਾ ਨਾਰਥ ਤੋਂ ਰਵੀ ਕਾਹਲੋਂ ਨੇ ਇਹ ਮਾਮਲਾ ਚੁੱਕਦਿਆਂ 1984 ਦੇ ਦੰਗਿਆਂ ਨੂੰ ਨਸਲਕੁਸ਼ੀ ਐਲਾਨਣ ਦੀ ਅਪੀਲ ਕੀਤੀ।


Related News