ਟਰੇਨ ਹਾਦਸੇ ''ਚ 18 ਲੋਕਾਂ ਦੀ ਮੌਤ, 254 ਜ਼ਖਮੀ
Friday, Jan 05, 2018 - 02:24 AM (IST)

ਜੋਹਾਨਸਬਰਗ— ਦੱਖਣੀ ਅਫਰੀਕਾ 'ਚ ਵੀਰਵਾਰ ਨੂੰ ਇਕ ਰੇਲ ਫਾਟਕ 'ਤੇ ਟਰੱਕ ਨਾਲ ਟੱਕਰ ਹੋਣ ਤੋਂ ਬਾਅਦ ਇਕ ਟਰੇਨ ਦੇ ਕਈ ਡਿੱਬੇ ਪਟੜੀ ਤੋਂ ਉਤਰ ਗਏ, ਜਿਸ ਕਾਰਨ ਕਰੀਬ 18 ਲੋਕਾਂ ਦੀ ਮੌਤ ਹੋ ਗਈ ਤੇ ਕਰੀਬ 254 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਟਰੇਨ ਨੇੜੇ ਆਉਣ ਤੋਂ ਬਾਅਦ ਵੀ ਟਰੱਕ ਚਾਲਕ ਨੇ ਕਥਿਤ ਤੌਰ ਤੇ ਪਟੜੀ ਨੂੰ ਪਾਰ ਕੀਤਾ, ਜਿਸ ਕਾਰਨ ਟਰੇਨ ਨਾਲ ਟੱਕਰ ਹੋ ਗਈ। ਇਸ ਹਾਦਸੇ ਤੋਂ ਬਾਅਦ ਭਿਆਨਕ ਅੱਗ ਲੱਗ ਗਈ।
ਬਚਾਅ ਕਰਮੀ ਮੌਕੇ 'ਤੇ ਪਹੁੰਚੇ ਅਤੇ ਬਚਾਅ ਤੇ ਰਾਹਤ ਕੰਮ 'ਚ ਲੱਗ ਗਏ। ਦੱਖਣੀ ਅਫਰੀਕਾ ਤੋਂ ਲੰਬੀ ਦੂਰੀ ਦੀਆਂ ਟਰੇਨਾਂ ਦਾ ਸੰਚਾਲਨ ਕਰਨ ਵਾਲੀ ਸ਼ੋਸ਼ੋਲੋਜਾ ਮਿਲ ਰੇਲ ਕੰਪਨੀ ਨੇ ਕਿਹਾ ਕਿ ਇਹ ਹਾਦਸਾ ਸਵੇਰੇ ਕਰੀਬ 9 ਵਜੇ ਵਾਪਰਿਆ। ਟਰੇਨ ਪੋਰਟ ਐਲੀਜ਼ਾਬੇਥ ਤੋਂ ਜੋਹਾਨਸਬਰਗ ਜਾ ਰਹੀ ਸੀ। ਇਹ ਹਾਦਸਾ ਜੋਹਾਨਸਬਰਗ ਤੋਂ ਕਰੀਬ 200 ਕਿਲੋਮੀਟਰ ਦੂਰ ਹੇਨਮੈਨ ਤੇ ਕਰੂਨਸਟੈਡ ਸ਼ਹਿਰਾਂ ਵਿਚਾਲੇ ਹੋਇਆ। ਪਟੜੀ ਤੋਂ ਉਤਰੇ ਪਾਵਰ ਜੈਨਰੇਟਰ ਦੇ ਡਿੱਬੇ ਨੂੰ ਅੱਗ ਲੱਗਣ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ, ਜਿਸ ਕਾਰਨ ਕਈ ਲੋਕ ਦੀ ਮੌਤ ਹੋਈ। ਰੇਲ ਕੰਪਨੀ ਮੁਤਾਬਕ ਟਰੇਨ 'ਚ 429 ਲੋਕ ਸਵਾਰ ਸਨ।