ਈਰਾਨ ਵਲੋਂ ਜ਼ਬਤ ਕੀਤੇ ਗਏ ਬ੍ਰਿਟਿਸ਼ ਟੈਂਕਰ ''ਚ 18 ਭਾਰਤੀ

07/20/2019 3:29:18 PM

ਲੰਡਨ (ਭਾਸ਼ਾ)- ਖਾੜੀ 'ਚ ਤਣਾਅ ਵਧਣ ਦਰਮਿਆਨ ਹਰਮੁਜ ਜਲਡਮਰੂਮੱਧ ਵਿਚ ਈਰਾਨ ਨੇ ਬ੍ਰਿਟੇਨ ਦੇ ਝੰਡੇ ਵਾਲੇ ਜਿਸ ਤੇਲ ਟੈਂਕਰ ਨੂੰ ਜ਼ਬਤ ਕੀਤਾ ਹੈ, ਉਸ ਵਿਚ ਸਵਾਰ ਚਾਲਕ ਦਸਤੇ ਦੇ ਕੁਲ 23 ਮੈਂਬਰ ਹਨ, ਜਿਨ੍ਹਾਂ 'ਚੋਂ 18 ਭਾਰਤੀ ਨਾਗਰਿਕ ਹਨ। ਮੀਡੀਆ ਵਿਚ ਆਈ ਖਬਰ ਮੁਤਾਬਕ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੇ ਸਟੇਨਾ ਇੰਪੈਰੋ ਨਾਮਕ ਟੈਂਕਰ ਨੂੰ ਸ਼ੁੱਕਰਵਾਰ ਨੂੰ ਜ਼ਬਤ ਕੀਤਾ ਸੀ। ਈਰਾਨ ਦੀ ਅਧਿਕਾਰਤ ਨਿਊਜ਼ ਏਜੰਸੀ ਆਈ.ਆਰ.ਐਨ.ਏ. ਨੇ ਦੱਸਿਆ ਕਿ ਈਰਾਨ ਦੀ ਮੱਛੀ ਫੜਣ ਵਾਲੀ ਇਕ ਬੇੜੀ ਨਾਲ ਕਥਿਤ ਟੱਕਰ ਕਾਰਨ ਬ੍ਰਿਟੇਨ ਦੇ ਝੰਡੇ ਵਾਲੇ ਤੇਲ ਦੇ ਟੈਂਕਰ ਨੂੰ ਈਰਾਨ ਨੇ ਜ਼ਬਤ ਕਰ ਲਿਆ। ਟੈਂਕਰ ਦੀ ਮਾਲਕੀਅਤ ਰੱਖਣ ਵਾਲੀ ਸਵੀਡਨ ਦੀ ਕੰਪਨੀ ਸਟੇਨਾ ਬਲਕ ਦੇ ਅਧਿਕਾਰੀਆਂ ਨੇ ਕਿਹਾ ਕਿ ਹਰਮੁਜ ਜਲਡਮਰੂਮੱਧ ਵਿਚ ਜ਼ਬਤ ਕੀਤੇ ਗਏ ਜਹਾਜ਼ ਨਾਲ ਸੰਪਰਕ ਨਹੀਂ ਹੋ ਸਕਿਆ।

ਨਿਊਜ਼ ਏਜੰਸੀ ਨੇ ਹਰਮੁਜਗਨ ਸੂਬੇ ਦੇ ਬੰਦਰਗਾਹ ਅਤੇ ਸਮੁੰਦਰੀ ਮਾਮਲਿਆਂ ਦੇ ਡਾਇਰੈਕਟਰ ਅੱਲਾਹ ਅਫੀਫੀਪੋਰ ਦੇ ਹਵਾਲੇ ਤੋਂ ਕਿਹਾ ਕਿ ਸਟੇਨਾ ਇੰਪੈਰੋ ਵਿਚ 18 ਭਾਰਤੀ ਅਤੇ ਰੂਸ, ਫਿਲਪੀਨ, ਲਾਤਵੀਆ ਅਤੇ ਹੋਰ ਦੇਸ਼ਾਂ ਦੇ ਪੰਜ ਕਰੂ ਮੈਂਬਰ ਸਵਾਰ ਹਨ। ਕੈਪਟਨ ਭਾਰਤੀ ਹੈ ਪਰ ਟੈਂਕਰ 'ਤੇ ਬ੍ਰਿਟੇਨ ਦਾ ਝੰਡਾ ਹੈ। ਜਹਾਜ਼ ਦੇ ਕੈਪਟਨ ਨੇ ਬ੍ਰਿਟੇਨ ਦੇ ਟੈਂਕਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਸਿਗਨਲ ਨਹੀਂ ਮਿਲਿਆ। ਸਟੇਨਾ ਬਲਕ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਏਰਿਕ ਹਨੇਲ ਨੇ ਕਿਹਾ ਕਿ ਅਸੀਂ ਇਸ ਸਥਿਤੀ ਨਾਲ ਨਜਿੱਠਣ ਲਈ ਬ੍ਰਿਟੇਨ ਅਤੇ ਸਵੀਡਨ ਸਰਕਾਰ ਦੋਹਾਂ ਦੇ ਸੰਪਰਕ ਵਿਚ ਹਾਂ ਅਤੇ ਅਸੀਂ ਆਪਣੇ ਨਾਗਰਿਕਾਂ ਦੇ ਪਰਿਵਾਰਾਂ ਨਾਲ ਸੰਪਰਕ ਰੱਖ ਰਹੇ ਹਾਂ। ਜੁਲਾਈ ਦੀ ਸ਼ੁਰੂਆਤ ਵਿਚ ਬ੍ਰਿਟਿਸ਼ ਮਰੀਨ ਅਤੇ ਜ਼ਿਬ੍ਰਾਲਟਰ ਪੁਲਸ ਨੇ ਇਬੇਰੀਅਨ ਟਾਪੂ ਦੇ ਦੱਖਣੀ ਤਟ 'ਤੇ ਈਰਾਨ ਦੇ ਇਕ ਟੈਂਕਰ ਨੂੰ ਜ਼ਬਤ ਕਰ ਲਿਆ ਸੀ।


Sunny Mehra

Content Editor

Related News