ਯੂਨਾਨ ''ਚ ਤੇਜ਼ ਹਵਾ ਕਾਰਨ ਭੜਕੀ ਜੰਗਲ ਦੀ ਅੱਗ ਬੁਝਾਉਣ ''ਚ ਲੱਗੇ ਫਾਇਰਫਾਈਟਰ, 18 ਲਾਸ਼ਾਂ ਬਰਾਮਦ
Wednesday, Aug 23, 2023 - 01:58 PM (IST)
ਅਲੈਗਜ਼ੈਂਡਰੋਪੋਲਿਸ/ਯੂਨਾਨ (ਭਾਸ਼ਾ)- ਕਈ ਦਿਨਾਂ ਤੋਂ ਜੰਗਲ ਦੀ ਅੱਗ ਨਾਲ ਜੂਝ ਰਹੇ ਯੂਨਾਨ ਵਿਚ ਫਾਇਰ ਫਾਈਟਰਾਂ ਨੂੰ ਮੰਗਲਵਾਰ ਨੂੰ 18 ਲੋਕਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਪ੍ਰਵਾਸੀ ਸਨ ਅਤੇ ਤੁਰਕੀ ਦੀ ਸਰਹੱਦ ਪਾਰ ਕਰਕੇ ਉੱਤਰ-ਪੂਰਬੀ ਯੂਨਾਨ ਦੇ ਉਸ ਖੇਤਰ ਵਿੱਚ ਆਏ ਸਨ, ਜਿੱਥੇ ਕਈ ਦਿਨਾਂ ਤੋਂ ਜੰਗਲੀ ਅੱਗ ਲੱਗੀ ਹੋਈ ਹੈ। ਇਹ ਲਾਸ਼ਾਂ ਅਲੈਗਜ਼ੈਂਡਰੋਪੋਲਿਸ ਸ਼ਹਿਰ ਦੇ ਨੇੜੇ ਉਦੋਂ ਮਿਲੀਆਂ, ਜਦੋਂ ਸੈਂਕੜੇ ਫਾਇਰ ਫਾਈਟਰ ਤੂਫਾਨੀ ਹਵਾਵਾਂ ਦੇ ਵਿਚਕਾਰ ਦੇਸ਼ ਭਰ ਵਿੱਚ ਜੰਗਲ ਦੀ ਅੱਗ ਦੀਆਂ ਦਰਜਨਾਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਕੋਸ਼ਿਸ਼ ਕਰ ਰਹੇ ਹਨ।
ਉੱਤਰੀ ਅਤੇ ਮੱਧ ਯੂਨਾਨ ਵਿੱਚ ਸੋਮਵਾਰ ਨੂੰ ਜੰਗਲਾਂ ਵਿੱਚ ਅੱਗ ਲੱਗਣ ਦੀਆਂ ਵੱਖ-ਵੱਖ ਘਟਨਾਵਾਂ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 2 ਫਾਇਰਫਾਈਟਰ ਜ਼ਖ਼ਮੀ ਹੋ ਗਏ। ਗਰਮ, ਖੁਸ਼ਕ ਗਰਮੀਆਂ ਦੇ ਕਾਰਨ ਦੱਖਣੀ ਯੂਰਪ ਦੇ ਦੇਸ਼ ਖਾਸ ਤੌਰ 'ਤੇ ਜੰਗਲ ਦੀ ਅੱਗ ਦੀ ਲਪੇਟ ਵਿਚ ਹਨ। ਸਪੇਨ ਦੇ ਕੈਨਰੀ ਟਾਪੂ ਦੇ ਟੇਨੇਰਾਈਫ ਵਿੱਚ ਇੱਕ ਹਫ਼ਤੇ ਤੋਂ ਜੰਗਲ ਵਿਚ ਅੱਗ ਲੱਗੀ ਹੋਈ ਹੈ ਪਰ ਕਿਸੇ ਜਾਨੀ ਜਾਂ ਘਰਾਂ ਨੂੰ ਨੁਕਸਾਨ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਯੂਰਪੀਅਨ ਯੂਨੀਅਨ (ਈਯੂ) ਦੇ ਅਧਿਕਾਰੀਆਂ ਨੇ ਯੂਰਪ ਵਿੱਚ ਜੰਗਲਾਂ ਵਿੱਚ ਅੱਗ ਦੀਆਂ ਵਧਦੀਆਂ ਘਟਨਾਵਾਂ ਲਈ ਜਲਵਾਯੂ ਤਬਦੀਲੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।