ਚੀਨ 'ਚ ਕਈ ਵਾਹਨਾਂ ਦੀ ਟੱਕਰ, 16 ਲੋਕਾਂ ਦੀ ਮੌਤ ਤੇ 66 ਜ਼ਖਮੀ
Sunday, Feb 05, 2023 - 06:12 PM (IST)
ਬੀਜਿੰਗ (ਭਾਸ਼ਾ)- ਮੱਧ ਚੀਨ ਦੇ ਹੁਨਾਨ ਸੂਬੇ ਵਿੱਚ ਕਈ ਵਾਹਨਾਂ ਦੀ ਟੱਕਰ ਵਿੱਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 66 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਸ਼ਨੀਵਾਰ ਸ਼ਾਮ ਨੂੰ ਵਾਪਰਿਆ ਜਦੋਂ ਹੁਨਾਨ ਪ੍ਰਾਂਤ ਦੇ ਚਾਂਗਸ਼ਾ ਸ਼ਹਿਰ ਵਿੱਚ ਜ਼ੁਚਾਂਗ-ਗੁਆਂਗਜ਼ੂ ਹਾਈਵੇਅ 'ਤੇ 10 ਮਿੰਟਾਂ ਦੇ ਅੰਦਰ ਕੁੱਲ 49 ਵਾਹਨ ਆਪਸ ਵਿੱਚ ਟਕਰਾ ਗਏ। ਟੱਕਰ ਮਗਰੋਂ ਕਈ ਵਾਹਨਾਂ ਵਿਚ ਅੱਗ ਲੱਗ ਗਈ।
ਪੜ੍ਹੋ ਇਹ ਅਹਿਮ ਖ਼ਬਰ- ਯੂਕੇ 'ਚ ਮਹਿੰਗਾਈ ਕਾਰਨ ਭਾਰਤੀ ਵਿਦਿਆਰਥੀਆਂ ਦੀਆਂ ਵਧੀਆਂ ਮੁਸ਼ਕਲਾਂ, ਬਣੇ ਇਹੋ ਜਿਹੇ ਹਾਲਾਤ
ਸਥਾਨਕ ਟ੍ਰੈਫਿਕ ਪੁਲਸ ਵਿਭਾਗ ਦੇ ਹਵਾਲੇ ਨਾਲ ਰਿਪੋਰਟ 'ਚ ਕਿਹਾ ਗਿਆ ਹੈ ਕਿ ''ਹਾਦਸੇ 'ਚ 16 ਲੋਕਾਂ ਦੀ ਮੌਤ ਹੋ ਗਈ ਅਤੇ 66 ਹੋਰ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ ਹੈ, ਜਿਨ੍ਹਾਂ 'ਚੋਂ 8 ਗੰਭੀਰ ਜ਼ਖਮੀ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਐਮਰਜੈਂਸੀ ਪ੍ਰਬੰਧਨ ਮੰਤਰਾਲੇ ਨੇ ਹਾਦਸਿਆਂ ਨਾਲ ਨਜਿੱਠਣ ਲਈ ਇਕ ਕਾਰਜਕਾਰੀ ਟੀਮ ਨੂੰ ਸਾਈਟ 'ਤੇ ਭੇਜਿਆ ਹੈ। ਫਿਲਹਾਲ ਮੌਕੇ 'ਤੇ ਰਾਹਤ ਤੇ ਬਚਾਅ ਕੰਮ ਜਾਰੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।