ਦੁਨੀਆ ਭਰ ’ਚ ਹੋ ਰਿਹਾ ਹੈ ਕੋਵਿਡ-19 ਦੇ 141 ਟੀਕਿਆਂ ਦਾ ਵਿਕਾਸ
Friday, Jul 03, 2020 - 02:19 AM (IST)
ਮਾਸਕੋ – ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਮੈਨੇਜਿੰਗ ਡਾਇਰੈਕਟਰ ਡਾ. ਤੇਦ੍ਰੋਸ ਗੇਬ੍ਰੀਯੇਸਸ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਦੁਨੀਆ ਭਰ ’ਚ ਕੋਵਿਡ-19 ਦੇ 141 ਟੀਕੇ ਵਿਕਸਿਤ ਕੀਤੇ ਜਾ ਰਹੇ ਹਨ। ਡਾ. ਗੇਬ੍ਰੀਯੇਸਸ ਨੇ ਵਾਸ਼ਿੰਗਟਨ ਪੋਸਟ ਅਖਬਾਰ ਲਈ ਇਕ ਲੇਖਕ ’ਚ ਕਿਹਾ ਕਿ ਕੋਵਿਡ-19 ਦੇ ਟੀਕੇ ਦੇ ਵਿਕਾਸ ਲਈ ਜੋ ਕੌਮਾਂਤਰੀ ਸਹਿਯੋਗ ਮਿਲ ਰਿਹਾ ਹੈ, ਉਸ ਦੀ ਮਹੱਤਤਾ ’ਤੇ ਵਿਚਾਰ ਕਰੋ।
ਇਹ ਲਗਭਗ ਉਸ ਸਮੇਂ ਸ਼ੁਰੂ ਕੀਤਾ ਗਿਆ ਜਦੋਂ ਕੋਰੋਨਾ ਵਾਇਰਸ ਦਾ ਅਨੁਕ੍ਰਮ ਆਨਲਾਈਨ ਸਾਂਝਾ ਕੀਤਾ ਗਿਆ ਸੀ ਅਤੇ ਹੁਣ 141 ਟੀਕਿਆਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਮੋਹਰੀ ਉਮੀਦਵਾਰ ਟੀਕੇ ਦੀ ਸਫਲਤਾ ਤੋਂ ਸਿਰਫ ਕੁਝ ਮਹੀਨੇ ਦੂਰ ਹਨ। ਨਿਸ਼ਚਿਤ ਰੂਪ ਨਾਲ ਪੂਰੀ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਹੈ ਪਰ ਅਸੀਂ ਆਸਵੰਦ ਹਾਂ।ਉਨ੍ਹਾਂ ਨੇ ਇਹ ਉਮੀਦ ਵੀ ਜਤਾਈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸੰਗਠਨ ਨੂੰ ਵਿੱਤੀ ਮਦਦ ਰੋਕਣ ਸਬੰਧੀ ਟਿੱਪਣੀ ਦੇ ਬਾਵਜੂਦ ਅਮਰੀਕਾ ਡਬਲਯੂ. ਐੱਚ. ਓ. ਨਾਲ ਆਪਣਾ ਸਹਿਯੋਗ ਜਾਰੀ ਰੱਖੇਗਾ।
ਕੁਝ ਦਿਨ ਪਹਿਲਾਂ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੇ ਆਖਿਆ ਸੀ ਕਿ ਆਕਸਫੋਰਡ ਯੂਨੀਵਰਸਿਟੀ ਜਿਸ ਵੈਕਸੀਨ 'ਤੇ ਕੰਮ ਕਰ ਰਹੀ ਹੈ, ਉਹ ਕੋਰੋਨਾਵਾਇਰਸ ਦੇ ਤੋੜ ਦੀ ਦੌੜ ਵਿਚ ਸਭ ਤੋਂ ਅੱਗੇ ਹੈ। ਡਬਲਯੂ. ਐਚ. ਓ. ਦੀ ਚੀਫ ਸਾਇੰਸਦਾਨ ਸੌਮਿਆ ਸਵਾਮੀਨਾਥਨ ਨੇ ਕਿਹਾ ਸੀ ਕਿ ਉਹ ਜਿਸ ਪੜਾਅ 'ਤੇ ਹਨ ਅਤੇ ਜਿੰਨੇ ਐਡਵਾਂਸਡ ਹਨ, ਮੈਨੂੰ ਲੱਗਦਾ ਹੈ ਉਹ ਸਭ ਤੋਂ ਅੱਗੇ ਨਿਕਲ ਰਹੇ ਹਨ। ਆਕਸਫੋਰਡ ਅਤੇ ਐਸਟਰਾਜ਼ੈਨੇਕਾ ਪੀ. ਐਲ. ਸੀ. (AstraZeneca Plc.) ਦੀ ਵੈਕਸੀਨ ChAdOx1 nCov-19 ਕਲੀਨਿਕਲ ਟ੍ਰਾਇਲ ਦੇ ਆਖਰੀ ਪੜਾਅ ਵਿਚ ਹੈ। ਇਸ ਪੜਾਅ ਵਿਚ ਪਹੁੰਚਣ ਵਾਲੀ ਦੁਨੀਆ ਦੀ ਇਸ ਪਹਿਲੀ ਵੈਕਸੀਨ ਨੂੰ ਹੁਣ 10,260 ਲੋਕਾਂ ਨੂੰ ਦਿੱਤਾ ਜਾਵੇਗਾ। ਇਸ ਦਾ ਟ੍ਰਾਇਲ ਬਿ੍ਰਟੇਨ, ਸਾਊਥ ਅਫਰੀਕਾ ਅਤੇ ਬ੍ਰਾਜ਼ੀਲ ਵਿਚ ਵੀ ਹੋ ਰਿਹਾ ਹੈ।