ਨੇਪਾਲ ''ਚ ਵਾਪਰਿਆ ਭਿਆਨਕ ਬੱਸ ਹਾਦਸਾ, 14 ਲੋਕਾਂ ਦੀ ਮੌਤ
Thursday, Mar 10, 2022 - 05:14 PM (IST)
ਕਾਠਮੰਡੂ (ਭਾਸ਼ਾ)- ਪੂਰਬੀ ਨੇਪਾਲ ਵਿੱਚ ਵੀਰਵਾਰ ਨੂੰ ਇੱਕ ਯਾਤਰੀ ਬੱਸ ਦੇ ਪਹਾੜੀ ਤੋਂ ਤਿਲਕ ਕੇ 300 ਮੀਟਰ ਦੀ ਡੂੰਘਾਈ ਵਿੱਚ ਡਿੱਗਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਵੀਰਵਾਰ ਸਵੇਰੇ ਕਰੀਬ 7:30 ਵਜੇ ਵਾਪਰਿਆ ਜਦੋਂ ਡਰਾਈਵਰ ਦੇ ਸਟੀਅਰਿੰਗ ਤੋਂ ਕੰਟਰੋਲ ਗਵਾਉਣ ਕਾਰਨ 20 ਯਾਤਰੀਆਂ ਨੂੰ ਲੈ ਕੇ ਸੰਖੁਵਾਸਵਾ ਦੇ ਮਾੜੀ ਤੋਂ ਝਾਪਾ ਦੇ ਦਮਕ ਜਾ ਰਹੀ ਬੱਸ ਪਹਾੜੀ ਸੜਕ ਤੋਂ 300 ਮੀਟਰ ਹੇਠਾਂ ਖਿਸਕ ਗਈ।
ਪੜ੍ਹੋ ਇਹ ਅਹਿਮ ਖ਼ਬਰ- ਦੁਨੀਆ 'ਚ ਪਹਿਲੀ ਵਾਰ 6 ਮਹੀਨੇ ਦੇ ਬੱਚੇ ਨੂੰ ਇਕੱਠੇ ਲਗਾਇਆ ਗਿਆ 'ਨਵਾਂ ਦਿਲ' ਤੇ 'ਇਮਿਊਨ ਗਲੈਂਡ'
ਅਧਿਕਾਰੀ ਨੇ ਕਿਹਾ ਕਿ ਹਾਦਸੇ ਵਿੱਚ ਘੱਟੋ-ਘੱਟ 14 ਯਾਤਰੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਤੋਂ 5 ਲੋਕਾਂ ਨੂੰ ਜ਼ਿੰਦਾ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਅਤੇ ਇਨ੍ਹਾਂ 'ਚੋਂ ਕੁਝ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਅਧਿਕਾਰੀ ਨੇ ਦੱਸਿਆ ਕਿ ਯਾਤਰੀ ਬੱਸ ਪਹਾੜੀ ਸੜਕ ਤੋਂ 300 ਮੀਟਰ ਦੀ ਡੂੰਘਾਈ 'ਤੇ ਡਿੱਗ ਗਈ। ਪੁਲਸ ਸਥਾਨਕ ਲੋਕਾਂ ਦੀ ਮਦਦ ਨਾਲ ਰਾਹਤ ਅਤੇ ਬਚਾਅ ਕਾਰਜਾਂ 'ਚ ਲੱਗੀ ਹੋਈ ਹੈ।