ਸੁਡਾਨ 'ਚ ਭਿਆਨਕ ਸੜਕ ਹਾਦਸਾ, 14 ਦੀ ਮੌਤ ਤੇ 37 ਜ਼ਖਮੀ
Wednesday, Dec 19, 2018 - 12:06 PM (IST)
ਖਾਰਤੂਮ, (ਏਜੰਸੀ)— ਸੁਡਾਨ ਦੇ ਉੱਤਰੀ ਦਾਰਫੂਰ ਸੂਬੇ 'ਚ ਮੰਗਲਵਾਰ ਨੂੰ ਇਕ ਸੜਕ ਦੁਰਘਟਨਾ 'ਚ ਘੱਟ ਤੋਂ ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 37 ਜ਼ਖਮੀ ਹੋ ਗਏ। ਇਕ ਰਿਪੋਰਟ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਰਿਪੋਰਟ ਮੁਤਾਬਕ ਉੱਤਰੀ ਦਾਰਫੂਰ ਦੇ ਉਮ ਕਦਾਦਾ 'ਚ ਇਹ ਦੁਰਘਟਨਾ ਉਸ ਸਮੇਂ ਵਾਪਰੀ ਜਦ ਰਾਜਧਾਨੀ ਖਾਰਤੂਮ ਵੱਲ ਜਾ ਰਹੀ ਇਕ ਸੜਕ ਉਲਟ ਗਈ। ਉਮ ਕਦਾਦਾ ਦੇ ਕਮਿਸ਼ਨਰ ਮੁਹੰਮਦ ਉਸਮਾਨ ਇਬ੍ਰਾਹਿਮ ਨੇ ਦੱਸਿਆ ਕਿ ਇਸ ਦੁਰਘਟਨਾ 'ਚ ਜ਼ਖਮੀ ਲੋਕਾਂ ਨੂੰ ਇਲਾਜ ਲਈ ਉਮ ਕਦਾਦਾ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਜ਼ਖਮੀ ਲੋਕਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਉੱਤਰੀ ਦਾਰਫੂਰ ਦੀ ਆਵਾਜਾਈ ਪੁਲਸ ਦੇ ਨਿਰਦੇਸ਼ਕ ਅਹਿਮਦ ਮੁਹੰਮਦ ਹਾਮਿਦ ਨੇ ਇਸ ਦੁਰਘਟਨਾ 'ਚ 14 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਮਾਰੇ ਗਏ ਲੋਕਾਂ 'ਚ 4 ਔਰਤਾਂ ਅਤੇ 10 ਪੁਰਸ਼ ਸ਼ਾਮਲ ਹਨ। ਮੁਹੰਮਦ ਹਾਮਿਦ ਨੇ ਦੱਸਿਆ ਕਿ ਇਹ ਦੁਰਘਟਨਾ ਬੱਸ ਦਾ ਅਗਲਾ ਟਾਇਰ ਫਟਣ ਕਾਰਨ ਵਾਪਰੀ। ਸੁਡਾਨ 'ਚ ਲਾਪਰਵਾਹੀ ਕਾਰਨ ਗੱਡੀ ਚਲਾਉਣ ਅਤੇ ਸੜਕਾਂ ਦੀ ਖਰਾਬ ਸਥਿਤੀ ਕਾਰਨ ਕਈ ਦੁਰਘਟਨਾਵਾਂ ਵਾਪਰਦੀਆਂ ਹਨ। ਸੁਡਾਨ ਉਨ੍ਹਾਂ ਦੇਸ਼ਾਂ 'ਚੋਂ ਹੈ ਜਿੱਥੇ ਸੜਕ ਦੁਰਘਟਨਾਵਾਂ ਵਧੇਰੇ ਵਾਪਰਦੀਆਂ ਹਨ। ਸੁਡਾਨ ਦੇ ਗ੍ਰਹਿ ਮੰਤਰਾਲੇ ਨੇ ਹਾਲ ਹੀ 'ਚ ਇਕ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਦੇਸ਼ 'ਚ ਸੜਕ ਦੁਰਘਟਨਾਵਾਂ 'ਚ ਕਮੀ ਲਿਆਉਣ ਲਈ ਮੁੱਖ ਹਾਈਵੇ 'ਤੇ ਵਾਹਨਾਂ ਦੀ ਸਪੀਡ ਦੀ ਨਿਗਰਾਨੀ ਰੱਖਣ ਲਈ ਰਡਾਰ ਲਗਾਉਣ ਦਾ ਕੰਮ ਕੀਤਾ ਜਾਵੇਗਾ।
