ਰੂਸ : ਕੋਲੇ ਦੀ ਖਾਨ ''ਚ ਲੱਗੀ ਅੱਗ,11 ਮਜ਼ਦੂਰਾਂ ਦੀ ਮੌਤ ਤੇ 40 ਤੋਂ ਵੱਧ ਜ਼ਖਮੀ

11/25/2021 5:14:29 PM

ਮਾਸਕੋ (ਭਾਸ਼ਾ)- ਰੂਸ ਦੇ ਸਾਇਬੇਰੀਆ ਵਿੱਚ ਇੱਕ ਕੋਲੇ ਦੀ ਖਾਨ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ। ਇਸ ਘਟਨਾ ਵਿਚ 11 ਮਾਈਨਰਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਦਰਜਨਾਂ ਹੋਰ ਅਜੇ ਵੀ ਖਾਨ ਵਿੱਚ ਫਸੇ ਹੋਏ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। 

ਇਹ ਅੱਗ ਦੱਖਣ-ਪੱਛਮੀ ਸਾਇਬੇਰੀਆ ਦੇ ਕੇਮੇਰੋਵੋ ਖੇਤਰ ਵਿੱਚ ਲੱਗੀ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਤਾਸ ਨੇ ਇੱਕ ਅਣਜਾਣ ਐਮਰਜੈਂਸੀ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਕੋਲੇ ਦੀ ਧੂੜ ਵਿਚ ਅੱਗ ਲੱਗ ਗਈ ਅਤੇ ਇਸ ਦੇ ਧੂੰਏਂ ਨੇ ਹਵਾਦਾਰੀ ਪ੍ਰਣਾਲੀ ਰਾਹੀਂ ਲਿਟਸਵਿਆਜਨਯਾ ਖਾਨ ਨੂੰ ਤੇਜ਼ੀ ਨਾਲ ਭਰ ਦਿੱਤਾ। ਕੇਮੇਰੋਵੋ ਦੇ ਗਵਰਨਰ ਸਰਗੇਈ ਸਿਵਿਲੋਵ ਨੇ ਮੈਸੇਜਿੰਗ ਐਪ ਟੈਲੀਗ੍ਰਾਮ ਦੇ ਆਪਣੇ ਪੇਜ 'ਤੇ ਦੱਸਿਆ ਕਿ ਘਟਨਾ ਦੇ ਸਮੇਂ ਕੁੱਲ 285 ਲੋਕ ਖਾਨ 'ਚ ਸਨ, ਜਿਨ੍ਹਾਂ 'ਚੋਂ 239 ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ 46 ਹੋਰ ਅਜੇ ਵੀ ਭੂਮੀਗਤ ਖਾਨ 'ਚ ਫਸੇ ਹੋਏ ਹਨ। ਸਿਵਿਲੋਵ ਨੇ ਕਿਹਾ ਕਿ 46 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੈ। 

ਪੜ੍ਹੋ ਇਹ ਅਹਿਮ ਖਬਰ -ਨੇਪਾਲ ਨੇ 8 ਸਾਲਾਂ 'ਚ 3,100 ਤੋਂ ਵਧੇਰੇ ਵਿਦੇਸ਼ੀ ਕੀਤੇ ਡਿਪੋਰਟ, ਇਹਨਾਂ 'ਚੋਂ ਜ਼ਿਆਦਾਤਰ ਚੀਨੀ ਨਾਗਰਿਕ

ਇਸ ਤੋਂ ਪਹਿਲਾਂ ਵੀਰਵਾਰ ਨੂੰ, ਐਮਰਜੈਂਸੀ ਸਥਿਤੀਆਂ ਲਈ ਰੂਸ ਦੇ ਕਾਰਜਕਾਰੀ ਮੰਤਰੀ ਅਲੈਗਜ਼ੈਂਡਰ ਚੁਪ੍ਰਿਅਨ ਨੇ ਕਿਹਾ ਕਿ 44 ਮਾਈਨਰਾਂ ਨੂੰ ਸੱਟਾਂ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਵੱਖ-ਵੱਖ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਜ਼ਖਮੀਆਂ ਦੀ ਗਿਣਤੀ ਦਾ ਸਪੱਸ਼ਟ ਨਹੀਂ ਹੈ। ਧੂੰਏਂ ਕਾਰਨ ਖਾਨ 'ਚ ਫਸੇ ਹੋਰ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ 'ਚ ਰੁਕਾਵਟ ਆ ਰਹੀ ਹੈ। ਰੂਸ ਦੀ ਜਾਂਚ ਕਮੇਟੀ ਨੇ ਅੱਗ ਲੱਗਣ ਤੋਂ ਬਾਅਦ ਸੁਰੱਖਿਆ ਉਪਾਵਾਂ ਦੀ ਉਲੰਘਣਾ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਾਦਸੇ ਵਿੱਚ ਮਾਰੇ ਗਏ ਮਾਈਨਰਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਸਰਕਾਰ ਨੂੰ ਜ਼ਖਮੀਆਂ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਕਿਹਾ ਹੈ। ਪੁਤਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News