ਇਟਲੀ ’ਚ ਪਿਛਲੇ 10 ਸਾਲਾਂ ਦੌਰਾਨ ਜਲਵਾਯੂ ਸੰਕਟ ਦੇ ਮੱਦੇਨਜ਼ਰ ਘਟਨਾਵਾਂ ’ਚ ਹੋਇਆ 5 ਗੁਣਾ ਵਾਧਾ : ਕੋਲਦੀਰੇਤੀ
Monday, Sep 19, 2022 - 07:51 PM (IST)
ਰੋਮ (ਦਲਵੀਰ ਕੈਂਥ) : ਕਦੇ ਸਮਾਂ ਸੀ ਕਿ ਏਸ਼ੀਅਨ ਲੋਕ ਯੂਰਪੀਅਨ ਦੇਸ਼ਾਂ ਨੂੰ ਠੰਡੇ ਮੁਲਕ ਮੰਨਦਿਆਂ ਗਰਮੀ ਤੋਂ ਬਚਣ ਲਈ ਇਨ੍ਹਾਂ ਮੁਲਕਾਂ ’ਚ ਰੈਣ ਬਸੇਰਾ ਕਰਨ ਦੀਆਂ ਬੁਣਤਾਂ ਬਣਾਉਂਦੇ ਸਨ ਪਰ ਹੁਣ ਜਲਵਾਯੂ ’ਚ ਆ ਰਿਹਾ ਬਦਲਾਅ ਯੂਰਪੀਅਨ ਲੋਕਾਂ ਨੂੰ ਵੀ ਗਰਮੀ ਦੇ ਸਿਖ਼ਰ ਦੇ ਤੇਵਰ ਦਿਖਾ ਰਿਹਾ ਹੈ, ਜਿਸ ਕਾਰਨ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ । ਇਕ ਸਰਵੇ ਅਨੁਸਾਰ ਸੰਨ 2003 ਤੋਂ ਹੁਣ ਤੱਕ ਯੂਰਪ ਭਰ ’ਚ ਤਕਰੀਬਨ 70,000 ਲੋਕਾਂ ਤੋਂ ਜਲਵਾਯੂ ਦਾ ਬਦਲਾਅ ਉਨ੍ਹਾਂ ਦੀ ਜ਼ਿੰਦਗੀ ਖੋਹ ਕੇ ਮੌਤ ਦੀ ਨੀਂਦ ਸੁਲਾ ਦਿੱਤਾ ਹੈ। ਇਸ ਸਾਲ ਯੂਰਪੀਅਨ ਦੇਸ਼ ਪੁਰਤਗਾਲ ’ਚ ਸਭ ਤੋਂ ਵੱਧ ਗਰਮੀ ਦਾ 47 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਇਟਲੀ ’ਚ ਸੰਨ 1944 ਤੋਂ ਖੇਤੀਬਾੜੀ ਨੂੰ ਪ੍ਰਫੁੱਲਿਤ ਕਰਨ ਵਾਲੀ ਪ੍ਰਸਿੱਧ ਸੰਸਥਾ ਕੋਲਦੀਰੇਤੀ ਨੇ ਯੂਰਪੀਅਨ ਦੇਸ਼ ਇਟਲੀ ਦੇ ਪਿਛਲੇ 10 ਸਾਲਾਂ ਦੇ ਜਲਵਾਯੂ ਰਿਕਾਰਡ ’ਚ ਹੋਈ ਹੈਰਾਨੀਕੁੰਨ ਤਬਦੀਲੀ ਉੱਪਰ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ 10 ਸਾਲਾਂ ’ਚ ਇਟਲੀ ਦੇ ਜਲਵਾਯੂ ’ਚ 5 ਗੁਣਾ ਤੋਂ ਵੀ ਵਧੇਰੇ ਕੁਦਰਤੀ ਆਫਤਾਂ ’ਚ ਵਾਧਾ ਹੋਇਆ ਹੈ, ਜਿਸ ਕਾਰਨ ਇਟਲੀ ਦੇ ਕਈ ਇਲਾਕੇ ਸੋਕੇ ਤੇ ਹੜ੍ਹਾਂ ਦੀ ਮਾਰ ਹੇਠ ਉੱਜੜ ਗਏ ਤੇ ਕਈ ਇਲਾਕਿਆਂ ’ਚ ਗਰਮੀ ਦੇ ਪ੍ਰਕੋਪ ਕਾਰਨ ਉਪਜਾਊ ਜ਼ਮੀਨ ਬੰਜਰ ’ਚ ਤਬਦੀਲ ਹੋ ਗਈ।
ਇਹ ਖ਼ਬਰ ਵੀ ਪੜ੍ਹੋ : ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਨੂੰ ਲੈ ਕੇ ਤਰੁਣ ਚੁੱਘ ਨੇ ‘ਆਪ’ ਸਰਕਾਰ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ
ਸੰਸਥਾ ਨੇ ਕਿਹਾ ਕਿ ਤੂਫ਼ਾਨ, ਬਹੁਤ ਜ਼ਿਆਦਾ ਮੀਂਹ, ਵੱਡੇ ਗੜੇ ਅਤੇ ਬਿਜਲੀ ਡਿੱਗਣ ਦੀਆਂ ਘਟਨਾਵਾਂ ‘ਚ ਹੋਇਆ ਇਜ਼ਾਫ਼ਾ ਜਨਜੀਵਨ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕਰ ਰਿਹਾ ਹੈ। ਜੇਕਰ ਇਸ ਸਾਲ ਦੀ ਹੀ ਗੱਲ ਕੀਤੀ ਜਾਵੇ ਤਾਂ ਕੁਦਰਤੀ ਕਹਿਰ ਦੀਆਂ ਘਟਨਾਵਾਂ ਨਾਲ ਖੇਤੀਬਾੜੀ ਨੂੰ ਹੁਣ ਤੱਕ 6 ਬਿਲੀਅਨ ਯੂਰੋ ਦਾ ਨੁਕਸਾਨ ਪਹੁੰਚਿਆ ਹੈ, ਜਿਹੜਾ ਕਿ ਰਾਸ਼ਟਰੀ ਉਤਪਾਦਨ ਦਾ ਵਿਸ਼ੇਸ਼ ਹਿੱਸਾ ਸੀ। ਮਾੜੇ ਮੌਸਮ ਦਾ ਪ੍ਰਕੋਪ ਇਸ ਵਕਤ ਮੱਧ ਅਤੇ ਉੱਤਰੀ ਇਟਲੀ ਦੇ ਖੇਤਰਾਂ ਨੂੰ ਵੱਡੀ ਮਾਰ ਪਾ ਰਿਹਾ ਹੈ, ਜਿਸ ’ਚ ਇਟਲੀ ਦੇ ਓਮਬਰੀਆ,ਅਬਰੂਸੋ, ਲਾਸੀਓ, ਲੀਗੂਰੀਆ, ਲੰਬਾਰਦੀਆ, ਮਾਰਕੇਮਤੁਸਕਾਨਾ, ਫਰੀਓਲੀ ਵਿਨੇਸੀਆ ਅਤੇ ਮੋਲੀਜੇ ਆਦਿ ਸੂਬੇ ਸ਼ਾਮਿਲ ਹਨ। ਖ਼ਰਾਬ ਮੌਸਮ ਦੇ ਚੱਲਦਿਆਂ ਫਿਰੈਂਸੇ ਦੇ ਕਈ ਇਤਿਹਾਸਕ ਪਾਰਕ ਤੇ ਜਨਤਕ ਥਾਵਾਂ ਨੂੰ ਬੰਦ ਕਰ ਦਿੱਤਾ ਹੈ ਤੇ ਕਈ ਇਲਾਕਿਆਂ ’ਚ ਸਕੂਲ ਵੀ ਬੰਦ ਕੀਤੇ ਗਏ । ਕੋਲਦੀਰੇਤੀ ਨੇ ਇਸ ਜਲਵਾਯੂ ਦੇ ਵੱਡੇ ਬਦਲਾਅ ਕਾਰਨ ਹੋ ਰਹੀ ਤਬਾਹੀ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਹੋ ਕੇ ਹੰਭਲਾ ਮਾਰਨ ਦੀ ਗੱਲ ਕਹੀ ਹੈ, ਜਿਸ ਲਈ ਸਭ ਨੂੰ ਮੌਜੂਦਾ ਸਥਿਤੀ ਨੂੰ ਸਮਝਣ ਦੀ ਬਹੁਤ ਜ਼ਰੂਰਤ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਇਤਰਾਜ਼ਯੋਗ ਵੀਡੀਓ ਵਾਇਰਲ ਮਾਮਲੇ ’ਚ ਇਕ ਨੌਜਵਾਨ ਸ਼ਿਮਲਾ ਤੋਂ ਗ੍ਰਿਫ਼ਤਾਰ