ਯੂਨੀਸੇਫ਼ ਨੇ ਕਿਹਾ- 10 ਮਿਲੀਅਨ ਅਫ਼ਗਾਨ ਬੱਚਿਆਂ ਨੂੰ ਮਨੁੱਖੀ ਮਦਦ ਦੀ ਤੁਰੰਤ ਜ਼ਰੂਰਤ
Saturday, Sep 18, 2021 - 12:26 PM (IST)
ਕਾਬੁਲ— ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਨੇ ਦੱਸਿਆ ਕਿ 10 ਮਿਲੀਅਨ ਅਫ਼ਗਾਨ ਬੱਚਿਆਂ ਨੂੰ ਤੁਰੰਤ ਮਦਦ ਦੀ ਜ਼ਰੂਰਤ ਹੈ, ਕਿਉਂਕਿ ਉਨ੍ਹਾਂ ਕੋਲ ਖਾਣ ਲਈ ਉੱਚਿਤ ਭੋਜਨ, ਦਵਾਈਆਂ ਅਤੇ ਪੀਣ ਲਈ ਪਾਣੀ ਦੀ ਘਾਟ ਹੈ। ‘ਟੋਲੋ ਨਿਊਜ਼’ ਦੀ ਰਿਪੋਰਟ ਮੁਤਾਬਕ ਯੂਨੀਸੇਫ ਮੁਤਾਬਕ ਬੁਨਿਆਦੀ ਜ਼ਰੂਰਤਾਂ ਤਕ ਪਹੁੰਚ ਦੀ ਘਾਟ ਕਾਰਨ, ਕਈ ਬੱਚੇ ਕੁਪੋਸ਼ਿਤ ਹਨ। ਅੱਜ ਅਫ਼ਗਾਨਿਸਤਾਨ ਵਿਚ ਲੱਗਭਗ 10 ਮਿਲੀਅਨ ਬੱਚੇ ਹਨ, ਜਿਨ੍ਹਾਂ ਨੂੰ ਮਨੁੱਖੀ ਮਦਦ ਦੀ ਤੁਰੰਤ ਜ਼ਰੂਰਤ ਹੈ। ਇਸ ਸੰਕਟ ਕਾਰਨ ਬੱਚੇ ਸਭ ਤੋਂ ਵੱਧ ਕੀਮਤ ਚੁੱਕਾ ਰਹੇ ਹਨ।
ਸੋਕੇ ਕਾਰਨ ਪੀਣ ਵਾਲੇ ਪਾਣੀ ਦੀ ਵੱਡੀ ਘਾਟ ਹੈ, ਜੋ ਕਿ ਇਕ ਵੱਡਾ ਮਨੁੱਖੀ ਸੰਕਟ ਹੈ। ਅਫ਼ਗਾਨਿਸਤਾਨ ਵਿਚ ਯੂਨੀਸੇਫ ਦੇ ਸੰਚਾਰ ਮੁਖੀ ਸੈਮ ਮੋਰਟ ਨੇ ਕਿਹਾ ਕਿ ਬੇਘਰ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਕੋਲ ਆਪਣੇ ਬੱਚਿਆਂ ਨੂੰ ਖੁਆਉਣ ਲਈ ਉੱਚਿਤ ਧਨ ਨਹੀਂ ਹੈ। ਬੇਘਰ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੇ।
‘ਟੋਲੋ ਨਿਊਜ਼’ ਦੀ ਰਿਪੋਰਟ ਮੁਤਾਬਕ ਯੂਨੀਸੇਫ ਨੇ ਕਿਹਾ ਕਿ ਜੇਕਰ ਮੌਜੂਦਾ ਹਾਲਾਤ ਜਾਰੀ ਰਹੇ ਤਾਂ ਅਫ਼ਗਾਨਿਸਤਾਨ ’ਚ 5 ਸਾਲ ਤੋਂ ਘੱਟ ਉਮਰ ਦੇ 10 ਲੱਖ ਬੱਚੇ ਗੰਭੀਰ ਕੁਪੋਸ਼ਣ ਦਾ ਸ਼ਿਕਾਰ ਹੋਣਗੇ। ਉੱਥੇ ਹੀ ਕਈ ਡਾਕਟਰਾਂ ਦਾ ਕਹਿਣਾ ਹੈ ਕਿ ਪਿਛਲੇ ਇਕ ਮਹੀਨੇ ਵਿਚ ਕੁਪੋਸ਼ਿਤ ਬੱਚਿਆਂ ਦੇ ਮਾਮਲੇ ਵਧ ਰਹੇ ਹਨ। ਕਾਬੁਲ ’ਚ ਇੰਦਰਾ ਗਾਂਧੀ ਚਿਲਡਰਨ ਹਸਪਤਾਲ ਦੇ ਮੁਖੀ ਮੁਹੰਮਦ ਲਤੀਫ ਬਹਿਰ ਨੇ ਕਿਹਾ ਕਿ ਅਫ਼ਗਾਨਿਸਤਾਨ ’ਚ ਆਏ ਹਾਲ ਦੇ ਬਦਲਾਵਾਂ ਕਾਰਨ ਸਾਡੇ ਹਸਪਤਾਲ ’ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਬਾਲ ਅਧਿਕਾਰ ਵਰਕਰ ਜ਼ਰਕਾ ਯਫਤਾਲੀ ਨੇ ਕਿਹਾ ਕਿ ਜੇਕਰ ਕੌਮਾਂਤਰੀ ਭਾਈਚਾਰਾ, ਅਫ਼ਗਾਨਿਸਤਾਨ ਦੇ ਲੋਕਾਂ ਖ਼ਾਸ ਕਰ ਕੇ ਬੱਚਿਆਂ ’ਤੇ ਧਿਆਨ ਨਹੀਂ ਦਿੰਦਾ ਤਾਂ ਅਫ਼ਗਾਨਿਸਤਾਨ ਇਕ ਮਨੁੱਖੀ ਸੰਕਟ ਦਾ ਗਵਾਹ ਬਣੇਗਾ।