ਇੰਡੋਨੇਸ਼ੀਆ 'ਚ ਤੇਲ ਦੇ ਇਕ ਖੂਹ 'ਚ ਲੱਗੀ ਅੱਗ, 15 ਲੋਕਾਂ ਦੀ ਮੌਤ
Wednesday, Apr 25, 2018 - 03:39 PM (IST)
ਆਚੇ— ਇੰਡੋਨੇਸ਼ੀਆ ਦੇ ਆਚੇ ਸੂਬੇ 'ਚ ਤੇਲ ਦੇ ਇਕ ਗੈਰ ਕਾਨੂੰਨੀ ਖੂਹ 'ਚ ਅੱਗ ਲੱਗ ਗਈ, ਜਿਸ ਕਾਰਨ 15 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਦੇਰ ਰਾਤ ਤਕਰੀਬਨ 1.30 ਵਜੇ ਇਹ ਭਿਆਨਕ ਅੱਗ ਲੱਗੀ, ਜਿਸ 'ਚ ਘੱਟੋ-ਘੱਟ ਤਿੰਨ ਘਰ ਸੜ ਕੇ ਸਵਾਹ ਹੋ ਗਏ। ਇੱਥੇ ਇੰਨੀ ਭਿਆਨਕ ਅੱਗ ਲੱਗੀ ਕਿ ਮੰਗਲਵਾਰ ਤੜਕੇ ਤਕ ਇਸ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਆਚੇ ਦੇ ਰਾਂਤੋ ਪੇਰੂਲੇਕ ਉਪ ਜ਼ਿਲੇ ਦੇ ਮੁਖੀ ਸੈਫੁਲ ਨੇ ਕਿਹਾ,''ਇਲਾਕੇ 'ਚ ਅੱਗ ਅਜੇ ਵੀ ਲੱਗੀ ਹੋਈ ਹੈ ਅਤੇ ਫਾਇਰ ਬ੍ਰਿਗੇਡ ਇਸ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਜੇ ਤਕ ਉਹ ਸਫਲ ਨਹੀਂ ਹੋ ਸਕੇ।
ਉਨ੍ਹਾਂ ਕਿਹਾ ਕਿ ਉਹ ਇਸ ਘਟਨਾ ਦੀ ਜਾਂਚ ਕਰਵਾ ਰਹੇ ਹਨ ਅਤੇ ਫਿਲਹਾਲ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਮੁਤਾਬਕ ਦੇਖਦਿਆਂ ਹੀ ਦੇਖਦਿਆਂ ਅੱਗ ਦਰਖਤਾਂ ਅਤੇ ਘਰਾਂ ਤਕ ਪੁੱਜ ਗਈ ਅਤੇ ਇਸ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਘਟਨਾ ਵਾਲੇ ਸਥਾਨ 'ਤੇ ਪੁੱਜ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਅੱਗ ਉਸ ਸਮੇਂ ਲੱਗੀ ਜਦ ਕੱਚੇ ਤੇਲ ਨਾਲ ਖੂਹ ਉੱਪਰ ਤਕ ਭਰ ਗਿਆ ਅਤੇ ਤੇਲ ਬਾਹਰ ਡਿਗਣ ਲੱਗ ਗਿਆ। ਸ਼ਾਇਦ ਇੱਥੇ ਕਿਸੇ ਨੇ ਸਿਗਰਟ ਜਲਾ ਦਿੱਤੀ ਅਤੇ ਹਾਦਸਾ ਵਾਪਰ ਗਿਆ।