ਸ਼੍ਰੀਲੰਕਾ ਬੰਬ ਧਮਾਕਿਆਂ ''ਚ ਮਰਨ ਵਾਲੇ ਭਾਰਤੀਆਂ ਦੀ ਗਿਣਤੀ ਹੋਈ 10

04/23/2019 4:28:15 PM

ਕੋਲੰਬੋ (ਏਜੰਸੀ)- ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿਚ ਹੋਏ ਧਮਾਕੇ ਵਿਚ ਦੋ ਹੋਰ ਭਾਰਤੀਆਂ ਦੀ ਮੌਤ ਦੀ ਜਾਣਕਾਰੀ ਮਿਲੀ ਹੈ। ਇਸ ਦੇ ਨਾਲ ਹੀ ਇਨ੍ਹਾਂ ਲੜੀਵਾਰ ਬੰਬ ਧਮਾਕਿਆਂ ਵਿਚ ਮਰਨ ਵਾਲੇ ਭਾਰਤੀਆਂ ਦੀ ਗਿਣਤੀ 10 ਹੋ ਗਈ ਹੈ। ਕੋਲੰਬੋ ਵਿਚ ਐਤਵਾਰ ਨੂੰ ਈਸਟਰ ਮੌਕੇ 'ਤੇ ਕੋਲੰਬੋ ਦੇ ਚਰਚ ਅਤੇ ਪੰਜ ਤਾਰਾ ਹੋਟਲ ਵਿਚ ਇਕ ਤੋਂ ਬਾਅਦ ਇਕ ਕਈ ਧਮਾਕੇ ਹੋਏ ਜਿਸ ਵਿਚ 310 ਲੋਕ ਮਾਰੇ ਗਏ। ਸ਼੍ਰੀਲੰਕਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਮੰਗਲਵਾਰ ਨੂੰ ਟਵੀਟ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਲੜੀਵਾਰ ਬੰਬ ਧਮਾਕਿਆਂ ਵਿਚ ਦੋ ਹੋਰ ਭਾਰਤੀਆਂ ਦੀ ਮੌਤ ਹੋ ਗਈ ਹੈ।

ਸੋਮਵਾਰ ਨੂੰ ਭਾਰਤੀ ਹਾਈ ਕਮਿਸ਼ਨ ਨੇ ਚਾਰ ਭਾਰਤੀਆਂ ਦੀ ਮੌਤ ਦੀ ਜਾਣਕਾਰੀ ਦਿੱਤੀ ਸੀ। ਜਿਸ ਦੇ ਨਾਮ ਵੇਮੁਰਾਈ ਤੁਲਸੀਰਾਮ, ਐਸ.ਆਰ. ਨਾਗਰਾਜ, ਕੇ.ਜੀ. ਹਨੁਮੰਥਾਰਾਇੰਪਾ ਅਤੇ ਐਮ ਰਗੰਪਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਤਿੰਨ ਭਾਰਤੀ ਨਾਗਰਿਕਾਂ ਨਾਰਾਇਣ ਚੰਦਰਸ਼ੇਖਰ, ਕੇ.ਐਣ. ਲਕਸ਼ਮੀਨਾਰਾਇਣ ਅਤੇ ਲਕਸ਼ਮਣ ਗੌੜਾ ਰਮੇਸ਼ ਦੀ ਧਮਾਕਿਆਂ ਦੌਰਾਨ ਮਰਨ ਦੀ ਪੁਸ਼ਟੀ ਕੀਤੀ ਸੀ।
ਕੋਲੰਬੋ ਵਿਚ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਰਾਸ਼ਟਰੀ ਹਸਪਤਾਲ ਨੇ ਉਨ੍ਹਾਂ ਨੂੰ ਤਿੰਨ ਭਾਰਤੀਆਂ ਦੀ ਮੌਤ ਬਾਰੇ ਸੂਚਿਤ ਕੀਤੀ ਹੈ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜੇਯਨ ਨੇ ਮਾਰੇ ਗਏ ਲੋਕਾਂ ਵਿਚੋਂ ਇਕ ਪੀ.ਐਸ. ਰਸੀਨਾ ਦੀ ਪਛਾਣ ਕੀਤੀ। ਹਾਲਾਂਕਿ, ਸ਼੍ਰੀਲੰਕਾ ਵਲੋਂ ਅਜੇ ਤੱਕ ਉਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।

ਇਨ੍ਹਾਂ ਖਤਰਨਾਕ ਬੰਬ ਧਮਾਕਿਆਂ ਵਿਚ ਮਾਰੇ ਗਏ ਭਾਰਤੀਆਂ ਵਿਚ ਕਰਨਾਟਕ ਦੇ ਚਾਰ ਜਨਤਾ ਦਲ (ਸੈਕੂਲਰ) ਦੇ ਵਰਕਰ ਸਨ, ਜੋ ਸ਼੍ਰੀਲੰਕਾ ਦੀ ਯਾਤਰਾ 'ਤੇ ਸਨ। ਮੁੱਖ ਮੰਤਰੀ ਐਚ.ਡੀ. ਕੁਮਾਰਾਸਵਾਮੀ ਨੇ ਸੋਮਵਾਰ ਨੂੰ ਬੈਂਗਲੁਰੂ ਵਿਚ ਕਿਹਾ ਕਿ ਮ੍ਰਿਤ ਮੈਂਬਰਾਂ ਵਿਚ ਰਮੇਸ਼, ਚੰਦਰਸ਼ੇਖਰ, ਰੰਗੱਪਾ ਅਤੇ ਹਨੁਮੰਤਰਾਯੱਪਾ ਹੈ। ਉਨ੍ਹਾਂ ਨੇ ਕਿਹਾ ਕਿ ਜਦ (ਐਸ.) ਦਾ ਇਕ ਵਰਕਰ ਐਚ. ਸ਼ਿਵਕੁਮਾਰ ਵੀ ਗਾਇਬ ਹੈ। ਉਥੇ ਹੀ ਸ਼੍ਰੀਲੰਕਾ ਵਿਚ ਮੰਗਲਵਾਰ ਨੂੰ ਹਮਲੇ ਵਿਚ ਮਾਰੇ ਗਏ 300 ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ 3 ਮਿੰਟ ਦਾ ਮੌਨ ਧਾਰਣ ਕੀਤਾ ਗਿਆ।

ਹਮਲੇ ਵਿਚ ਸ਼ਾਮਲ 7 ਆਤਮਘਾਤੀ ਹਮਲਾਵਰਾਂ ਨੂੰ ਇਕ ਇਸਲਾਮੀ ਵੱਖਵਾਦੀ ਸਮੂਹ ਨੈਸ਼ਨਲ ਤੌਹੀਦ ਜਮਾਤ (ਐਨ.ਟੀ.ਜੇ.) ਦਾ ਮੈਂਬਰ ਮੰਨਿਆ ਜਾ ਰਿਹਾ ਹੈ। ਜਿਨ੍ਹਾਂ ਨੇ ਈਸਟਰ ਮੌਕੇ ਐਤਵਾਰ ਨੂੰ ਸ਼੍ਰੀਲੰਕਾ ਵਿਚ ਤਿੰਨ ਚਰਚਾਂ ਅਤੇ ਲਗਜ਼ਰੀ ਹੋਟਲਾਂ ਵਿਚ ਵਿਨਾਸ਼ਕਾਰੀ ਧਮਾਕਿਆਂ ਨੂੰ ਅੰਜਾਮ ਦਿੱਤਾ, ਜਿਸ ਵਿਚ ਲਗਭਗ 300 ਲੋਕ ਮਾਰੇ ਗਏ ਅਤੇ 500 ਹੋਰ ਜ਼ਖਮੀ ਹੋਏ। ਫਿਲਹਾਲ ਕਿਸੇ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਪੁਲਸ ਨੇ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਐਨ.ਆਈ.ਜੇ. ਦੇ ਜ਼ਿਆਦਾਤਰ ਮੈਂਬਰ ਇਸ ਵਿਚ ਸ਼ਾਮਲ ਹਨ।
 


Sunny Mehra

Content Editor

Related News