DSP ਟਾਂਡਾ ਨੂੰ ਮਿਲੇ ਇਲਾਕੇ ਦੇ ਪਾਸਟਰ ਸਾਹਿਬਾਨ, ਪੰਜਾਬ ਸਰਕਾਰ ਤੋਂ ਕੀਤੀ ਇਹ ਮੰਗ

Friday, Sep 02, 2022 - 02:01 PM (IST)

DSP ਟਾਂਡਾ ਨੂੰ ਮਿਲੇ ਇਲਾਕੇ ਦੇ ਪਾਸਟਰ ਸਾਹਿਬਾਨ, ਪੰਜਾਬ ਸਰਕਾਰ ਤੋਂ ਕੀਤੀ ਇਹ ਮੰਗ

ਟਾਂਡਾ ਉੜਮੁੜ (ਪਰਮਜੀਤ ਸਿੰਘ  ਮੋਮੀ) : ਜੀਜਸ ਕਰਾਈਸਟ ਨਿਊ  ਲਾਈਫ਼ ਚਰਚ ਜਾਜਾ ਅਤੇ ਇਲਾਕੇ ਦੇ ਪਾਸਟਰ  ਸਹਿਬਾਨਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ 'ਚ ਮਸੀਹੀ ਭਾਈਚਾਰੇ ਦੇ ਧਾਰਮਿਕ ਸਥਾਨਾਂ 'ਤੇ ਹੋ ਰਹੇ ਹਮਲਿਆਂ ਦੇ ਵਿਰੋਧ 'ਚ ਚਿੰਤਾ ਪ੍ਰਗਟ ਕਰਦਿਆਂ ਰੋਸ ਪ੍ਰਗਟ ਕੀਤਾ ਗਿਆ। ਉਪਰੰਤ ਮਸੀਹੀ ਧਾਰਮਿਕ ਸਥਾਨਾਂ 'ਤੇ ਹੋ ਰਹੇ ਹਮਲਿਆਂ ਦੇ ਰੋਸ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਡੀ. ਐੱਸ.ਪੀ ਸਬ ਡਵੀਜ਼ਨ ਟਾਂਡਾ ਕੁਲਵੰਤ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ।ਨਿਊ ਲਾਈਫ਼ ਚਰਚ ਜਾਜਾ ਦੇ ਮੁੱਖ ਪਾਸਟਰ ਲਖਵਿੰਦਰ ਮੱਟੂ ਦੀ ਅਗਵਾਈ 'ਚ ਪਾਸਟਰ ਸਾਹਿਬਾਨਾਂ ਤੇ ਮਸੀਹੀ ਸੰਗਤਾਂ ਨੇ ਇਹ ਮੰਗ ਪੱਤਰ ਭੇਟ ਕਰਨ ਸਮੇਂ ਦੱਸਿਆ ਕਿ ਮਸੀਹੀ ਧਾਰਮਿਕ ਸਥਾਨਾਂ 'ਤੇ ਲਗਾਤਾਰ ਹਮਲੇ ਵਧ ਰਹੇ ਹਨ ਜਿਸ ਕਾਰਨ ਮਸੀਹੀ ਭਾਈਚਾਰੇ ਤੇ ਮਸੀਹੀ ਸੰਗਤਾਂ 'ਚ ਬਹੁਤ ਹੀ ਚਿੰਤਾ ਪਾਈ ਜਾ ਰਹੀ ਹੈ।

ਉਨ੍ਹਾਂ ਹੋਰ ਦੱਸਿਆ ਕਿ ਪਿਛਲੇ ਦਿਨੀਂ ਗੁਰਦਾਸਪੁਰ, ਉਪਰੰਤ ਅੰਮ੍ਰਿਤਸਰ ਤੇ ਹੁਣ ਤਰਨਤਾਰਨ 'ਚ ਪ੍ਰਭੂ ਯਸ਼ੂ ਮਸੀਹ ਅਤੇ ਮਾਂ ਮਰੀਅਮ ਦੀਆਂ ਮੂਰਤੀਆਂ ਨੂੰ ਤੋੜ ਕੇ  ਮਸੀਹੀ ਸੰਗਤਾਂ ਦੇ ਹਿਰਦਿਆਂ ਨੂੰ ਭਾਰੀ ਠੇਸ ਪਹੁੰਚਾਈ ਹੈ ਅਤੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਜਿਸ ਨੂੰ ਮਸੀਹੀ ਭਾਈਚਾਰੇ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨ੍ਹਾਂ ਇਨ੍ਹਾਂ ਸਾਰੀਆਂ ਘਟਨਾਵਾਂ ਦੀ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਦਾ ਯਤਨ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਮਸੀਹੀ ਭਾਈਚਾਰੇ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।

ਇਸ ਮੌਕੇ ਡੀ.ਐੱਸ.ਪੀ ਕੁਲਵੰਤ ਸਿੰਘ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾਇਆ ਜਾਵੇਗਾ ਅਤੇ ਇਲਾਕੇ ਅੰਦਰ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ  ਪੁਲੀਸ ਵੱਲੋਂ ਹੋਰ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਪਾਸਟਰ ਲਖਵਿੰਦਰ ਮੱਟੂ , ਪਾਸਟਰ ਤੀਰਥ ਗਿੱਲ ,ਪਾਸਟਰ ਅਮਰ ਚੰਦ ,ਪਾਸਟਰ ਬਲਵੰਤ ਵਿਜੈ,ਪਾਸਟਰ ਅਮਰਜੀਤ,ਪਾਸਟਰ ਜਿੰਮੀ , ਪਾਸਟਰ ਵਿਕਰਮ, ਪਾਸਟਰ ਚਾਚਲ ,ਰੌਬਿਨ ਗਿੱਲ, ਸੁਖਦੇਵ , ਸੋਨੂੰ ਮੋਹਾ , ਸੁੰਨੀ , ਇਕਬਾਲ ਮਨਪੁਰੀਆ, ਵਿਲੀਅਮ ਮਸੀਹ ਟਾਂਡਾ, ਚਮਨ ਲਾਲ ਟਾਂਡਾ, ਰਾਜੂ ਹਰਸੀ ਪਿੰਡ, ਸਬੀ ਟਾਂਡਾ ਤੇ ਮਸੀਹੀ ਭਾਈਚਾਰੇ ਦੇ ਹੋਰ ਲੋਕ ਵੀ ਹਾਜ਼ਰ ਸਨ।


author

Anuradha

Content Editor

Related News