ਕਿਸਾਨਾਂ ਨੇ ਗੰਨੇ ਦਾ ਬਕਾਇਆ ਨਾ ਮਿਲਣ 'ਤੇ ਫੂਕਿਆ ਕੈਪਟਨ ਸਰਕਾਰ ਦਾ ਪੁਤਲਾ

08/23/2019 5:26:06 PM

ਟਾਂਡਾ ਉੜਮੁੜ (ਪੰਡਿਤ)—ਗੰਨੇ ਦੇ ਬਕਾਏ ਨੂੰ ਲੈ ਕੇ ਦੋਆਬਾ ਕਿਸਾਨ ਕਮੇਟੀ ਨਾਲ ਜੁੜੇ ਕਿਸਾਨਾਂ ਨੇ ਅੱਜ ਟਾਂਡਾ 'ਚ ਸਰਕਾਰ ਖਿਲਾਫ ਰੋਸ ਮਾਰਚ ਕੱਢ ਕੇ ਸਰਕਾਰੀ ਹਸਪਤਾਲ ਚੌਕ 'ਚ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ। ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ ਵਿਚ ਹੋਏ ਇਸ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ 'ਚ ਇਲਾਕੇ ਦੇ ਕਿਸਾਨਾਂ ਨੇ ਭਾਗ ਲਿਆ। ਰੋਸ ਮਾਰਚ ਤੋਂ ਪਹਿਲਾ ਜਥੇਬੰਦੀ ਅਤੇ ਜਥੇਬੰਦੀ ਨਾਲ ਜੁੜੇ ਕਿਸਾਨਾਂ ਨੇ ਸਰਕਾਰੀ ਕਾਲਜ ਟਾਂਡਾ ਦੀ ਗਰਾਉਂਡ 'ਚ ਮੀਟਿੰਗ ਕਰਕੇ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ। ਸਰਕਾਰੀ ਕਾਲਜ ਤੋਂ ਸਰਕਾਰੀ ਹਸਪਤਾਲ ਚੌਕ ਤੱਕ ਰੋਸ ਮਾਰਚ ਕੱਢਦੇ ਹੋਏ ਕਿਸਾਨਾਂ ਨੇ ਸਰਕਾਰੀ ਹਸਪਤਾਲ ਚੌਕ 'ਚ ਆ ਕੇ ਕੁਝ ਸਮੇ ਤੱਕ ਰੋਡ ਜਾਮ ਕਰਦੇ ਹੋਏ ਕੈਪਟਨ ਅਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। 

ਇਸ ਮੌਕੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਅਤੇ ਹੋਰ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਮੁਕੇਰੀਆਂ ਮਿੱਲ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਤਕਰੀਬਨ ਗੰਨੇ ਦੀ ਸਾਰੀ ਰਾਸ਼ੀ ਪਾ ਦਿੱਤੀ ਹੈ। ਪਰੰਤੂ ਨਾਲ ਲਗਦੀ ਉਨ੍ਹਾਂ ਦੇ ਇਲਾਕੇ ਦੀ ਦਸੂਹਾ ਮਿੱਲ ਅਤੇ ਹੋਰ ਪ੍ਰਾਈਵੇਟ ਮਿੱਲਾਂ ਦੇ ਨਾਲ ਜੁੜੇ ਕਿਸਾਨਾਂ ਦੇ ਖਾਤਿਆਂ ਵਿਚ ਪੰਜਾਬ ਸਰਕਾਰ ਵਲੋਂ ਐਲਾਨੇ 25 ਰੁਪਏ ਪ੍ਰਤੀ ਕਿਵੈਂਟਲ ਦੇ ਹਿਸਾਬ ਨਾਲ ਇਕ ਰੁਪਿਆ ਵੀ ਨਹੀਂ ਪਾਇਆ ਹੈ। ਜਿਸ ਕਰਕੇ ਕਿਸਾਨਾਂ ਵਿੱਚ ਸਰਕਾਰ ਪ੍ਰਤੀ ਗੁੱਸਾ ਹੈ। ਉਨ੍ਹਾਂ ਕਿਹਾ ਕਿ ਇਸੇ ਮੁੱਦੇ ਨੂੰ ਲੈ ਕੇ 26 ਅਗਸਤ ਨੂੰ ਜਥੇਬੰਦੀ ਨਾਲ ਜੁੜੇ ਕਿਸਾਨ ਡੀ. ਸੀ. ਦਫਤਰ ਹੁਸ਼ਿਆਰਪੁਰ ਦੇ ਸਾਮਣੇ ਧਰਨਾ ਦੇਣਗੇ ਅਤੇ ਡੀ. ਸੀ. ਨੂੰ ਮੰਗ ਪੱਤਰ ਦੇਣਗੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਫਿਰ ਵੀ ਸਰਕਾਰ ਕਿਸਾਨਾਂ ਦੇ ਖਾਤਿਆਂ ਵਿਚ ਰਾਸ਼ੀ ਨਹੀਂ ਪਾਉਂਦੀ ਤਾਂ ਜਥੇਬੰਦੀ ਅਤੇ ਕਿਸਾਨ ਵੱਡਾ ਸੰਘਰਸ਼ ਸ਼ੁਰੂ ਕਰਨਗੇ।ਇਸ ਮੌਕੇ ਜੁਝਾਰ ਸਿੰਘ, ਪ੍ਰੀਤ ਮੋਹਨ ਸਿੰਘ ਹੈਪੀ, ਜਰਨੈਲ ਸਿੰਘ ਕੁਰਾਲਾ ਆਦਿ ਸਮੇਤ ਕਈ ਕਿਸਾਨ ਮੌਜੂਦ ਸਨ।


Shyna

Content Editor

Related News