ਅੱਡਾ ਸਰਾਂ ਵਿਖੇ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਲੱਗੀ ਅੱਗ, ਹੋਇਆ ਵੱਡਾ ਨੁਕਸਾਨ
Tuesday, Sep 06, 2022 - 03:14 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼, ਮੋਮੀ) : ਟਾਂਡਾ ਹੁਸ਼ਿਆਰਪੁਰ ਸੜਕ 'ਤੇ ਸਥਿਤ ਅੱਡਾ ਸਰਾਂ ਵਿਖੇ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ 5 ਝੁੱਗੀਆਂ ਅਤੇ ਘਰ ਦਾ ਹੋਰ ਸਾਮਾਨ ਸੜ੍ਹ ਤੇ ਸੁਆਹ ਹੋ ਗਿਆ। ਅੱਗ ਨੇ ਦੇਖਦਿਆਂ ਹੀ ਦੇਖਦਿਆਂ ਵਿਕਰਾਲ ਰੂਪ ਧਾਰਨ ਕਰ ਲਿਆ। ਇਸ ਘਟਨਾ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪਰਵਾਸੀ ਮਜ਼ਦੂਰ ਸਰਵੇਸ਼ ਪੁੱਤਰ ਹੇਤ ਰਾਮ, ਗੋਬਿੰਦ ,ਮੁਕੇਸ਼ ,ਵਰਿੰਦਰ ਅਤੇ ਰਾਜ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਵਿਚ 5 ਸਾਈਕਲ, ਦੋ ਮੋਟਰਸਾਈਕਲ, ਨਕਦੀ ਖਾਣ ਵਾਲਾ ਸਾਮਾਨ, ਬਿਸਤਰੇ ਤੇ ਹੋਰ ਸਾਮਾਨ ਸੜ੍ਹ ਗਿਆ।
ਇਹ ਵੀ ਪੜ੍ਹੋ- SIT ਵੱਲੋਂ ਸੁਖਬੀਰ ਬਾਦਲ ਤੋਂ ਪੁੱਛਗਿੱਛ ਖ਼ਤਮ, ਮੀਡੀਆ ਨੂੰ ਬਿਆਨ ਦਿੰਦਿਆ ਆਖੀ ਇਹ ਗੱਲ
ਅੱਗ ਲੱਗਣ ਸਮੇਂ ਉਹ ਸਾਰੇ ਖੇਤਾਂ ਵਿੱਚ ਮਜ਼ਦੂਰੀ ਕਰਨ ਗਏ ਹੋਏ ਸਨ। ਇਸ ਘਟਨਾ ਦਾ ਪਤਾ ਲੱਗਣ 'ਤੇ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਕੇਸ਼ਵ ਸਿੰਘ ਸੈਣੀ, ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ,ਨੰਬਰਦਾਰ ਜਗਜੀਵਨ ਜੱਗੀ, ਪ੍ਰਸ਼ਾਸਨਿਕ ਅਧਿਕਾਰੀ ਬੀ ਡੀ ਪੀ ਓ ਟਾਂਡਾ ਪਰਮਜੀਤ ਸਿੰਘ ਤੇ ਹੋਰਨਾਂ ਅਧਿਕਾਰੀਆਂ ਨੇ ਮੌਕੇ 'ਤੇ ਜਾ ਕੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਸੂਚਿਤ ਕੀਤਾ ਤੇ ਕਾਫ਼ੀ ਜੱਦੋ ਜਹਿਦ ਉਪਰੰਤ ਅੱਗ 'ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਵੱਡਾ ਨੁਕਸਾਨ ਹੋ ਚੁੱਕਾ ਸੀ। ਇਸ ਸਬੰਧੀ ਟਾਂਡਾ ਪੁਲਸ ਵੱਲੋਂ ਪਹੁੰਚ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਤੇ ਅੱਗ ਲੱਗਣ ਦੇ ਕਾਰਨਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।