ਗਰਮੀਆਂ ''ਚ ਲੂ ਲੱਗਣ ਤੋਂ ਬਚਾਉਂਦਾ ਹੈ ਪੁਦੀਨਾ, ਜਾਣੋ ਸਰੀਰ ਨੂੰ ਹੋਣ ਵਾਲੇ ਹੋਰ ਵੀ ਬੇਮਿਸਾਲ ਫ਼ਾਇਦੇ
Monday, May 17, 2021 - 06:36 PM (IST)
ਨਵੀਂ ਦਿੱਲੀ- ਪੁਦੀਨਾ ਗਰਮੀ ਵਿੱਚ ਅਸਾਨੀ ਨਾਲ ਮਿਲ ਜਾਂਦਾ ਹੈ। ਇਸ ਦੀ ਤਾਸੀਰ ਠੰਡੀ ਹੁੰਦੀ ਹੈ। ਇਹ ਸਾਡੇ ਸਰੀਰ ਨੂੰ ਅੰਦਰੋਂ ਅਤੇ ਬਾਹਰੋਂ ਠੰਡਾ ਰੱਖਦਾ ਹੈ। ਪੁਦੀਨੇ ਵਿਚ ਇਸ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ ਜਿਸ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਪੁਦੀਨੇ ਦੇ ਫ਼ਾਇਦਿਆਂ ਬਾਰੇ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਵੀ ਪੁਦੀਨੇ ਨੂੰ ਆਪਣੀ ਖੁਰਾਕ ਵਿਚ ਜ਼ਰੂਰ ਸ਼ਾਮਲ ਕਰੋਗੇ।
ਪੁਦੀਨੇ ਦੇ ਗੁਣ
ਪੁਦੀਨੇ ਵਿਚ ਕੈਲੋਰੀ ਦੀ ਮਾਤਰਾ 6, ਫਾਈਬਰ ਇੱਕ ਗ੍ਰਾਮ, ਮੈਗਨੀਜ 8%, ਫੋਲੇਟ 4%, ਵਿਟਾਮਿਨ ਏ ਆਰ. ਡੀ. ਆਈ. ਦਾ 12% , ਆਇਰਨ 9% ਮੌਜੂਦ ਹੁੰਦਾ ਹੈ। ਪਦੀਨੇ ਵਿੱਚ ਮੌਜੂਦ ਐਂਟੀ-ਆਕਸੀਡੈਂਟ ਅਤੇ ਵਿਟਾਮਿਨ-ਏ ਅੱਖਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦੀਆਂ ਹਨ।
ਪੁਦੀਨੇ ਦੇ ਫ਼ਾਇਦੇ
ਪਾਚਨ ਵਿੱਚ ਸੁਧਾਰ
ਜੇਕਰ ਤੁਹਾਨੂੰ ਪਾਚਨ ਦੀ ਸਮੱਸਿਆ ਰਹਿੰਦੀ ਹੈ ਜਾਂ ਫਿਰ ਖਾਣਾ ਖਾਣ ਤੋਂ ਬਾਅਦ ਖਾਣਾ ਹਜ਼ਮ ਨਹੀਂ ਹੁੰਦਾ ਤਾਂ ਇਕ ਕੱਪ ਪੁਦੀਨੇ ਦੀ ਚਾਹ ਦੀ ਵਰਤੋਂ ਕਰੋ। ਪੁਦੀਨੇ ਦੀ ਖੁਸ਼ਬੂ ਮੂੰਹ ਵਿੱਚ ਬਣਨ ਵਾਲੀ ਲਾਰ ਗ੍ਰੰਥੀਆਂ ਨੂੰ ਸਰਗਰਮ ਕਰਦੀ ਹੈ। ਜਿਸ ਨਾਲ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ।
ਭਾਰ ਕੰਟਰੋਲ ਕਰੇ
ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਪੁਦੀਨੇ ਦੀ ਚਟਨੀ ਜਾਂ ਫਿਰ ਪਦੀਨੇ ਦੀ ਡਰਿੰਕ ਦੀ ਵਰਤੋਂ ਜ਼ਰੂਰ ਕਰੋ। ਪੁਦੀਨਾ ਭਾਰ ਘੱਟ ਕਰਨ ਲਈ ਬਹੁਤ ਹੀ ਫ਼ਾਇਦੇਮੰਦ ਹੈ।
ਸਾਹ ਸਬੰਧੀ ਰੋਗ
ਪੁਦੀਨੇ ਵਿੱਚ ਫੇਫੜਿਆਂ ਦੀ ਗੰਦਗੀ ਬਾਹਰ ਕੱਢਣ ਦੇ ਗੁਣ ਹੁੰਦੇ ਹਨ। ਜਿਸ ਕਰਕੇ ਸਾਹ ਸਬੰਧੀ ਰੋਗ ਜਿਵੇਂ ਅਸਥਮਾ, ਕਫ ਅਤੇ ਖੰਘ ਨਹੀਂ ਹੁੰਦੀ। ਜੇਕਰ ਅਸਥਮਾ ਦੀ ਸਮੱਸਿਆ ਹੈ ਤਾਂ ਪੁਦੀਨੇ ਦੀ ਪੱਤੀਆਂ ਦਾ ਚੂਰਨ ਬਣਾ ਕੇ ਰੱਖੋ ਅਤੇ ਰੋਜ਼ਾਨਾ ਇਕ ਚਮਚ ਚੂਰਨ ਪਾਣੀ ਨਾਲ ਲਓ।
ਪੀਰੀਅਡਸ ਦੀ ਸਮੱਸਿਆ
ਜੇਕਰ ਪੀਰੀਅਡਸ ਸਹੀ ਸਮੇਂ ਤੇ ਨਹੀਂ ਆਉਂਦੇ ਤਾਂ ਪੁਦੀਨੇ ਦੀ ਪੱਤੀਆਂ ਦਾ ਚੂਰਨ ਅਤੇ ਸ਼ਹਿਦ ਮਿਲਾ ਕੇ ਦਿਨ ਵਿੱਚ ਇੱਕ ਵਾਰ ਵਰਤੋਂ ਕਰਨ ਨਾਲ ਇਹ ਸਮੱਸਿਆ ਦੂਰ ਹੋ ਜਾਂਦੀ ਹੈ।
ਬਲੱਡ ਪ੍ਰੈਸ਼ਰ ਕੰਟਰੋਲ
ਬਲੱਡ ਪ੍ਰੈਸ਼ਰ ਕੰਟਰੋਲ ਕਰਨ ਲਈ ਪੁਦੀਨਾ ਬਹੁਤ ਹੀ ਫ਼ਾਇਦੇਮੰਦ ਹੈ। ਜੇਕਰ ਤੁਸੀਂ ਹਾਈ ਬੀ ਪੀ ਦੇ ਮਰੀਜ਼ ਹੋ ਤਾਂ ਪੁਦੀਨੇ ਦਾ ਰਸ ਬਿਨਾਂ ਖੰਡ ਅਤੇ ਲੂਣ ਨਾਲ ਲਓ। ਜੇਕਰ ਲੋਅ ਬੀ ਪੀ ਦੀ ਸਮੱਸਿਆ ਹੈ ਤਾਂ ਪੁਦੀਨੇ ਦੀ ਚਟਨੀ ਜਾਂ ਫਿਰ ਪੁਦੀਨੇ ਦਾ ਰਸ, ਕਾਲੀ ਮਿਰਚ, ਸੇਂਧਾ ਨਮਕ ਅਤੇ ਕਿਸ਼ਮਿਸ਼ ਮਿਲਾ ਕੇ ਲਓ।
ਲੂ ਤੋਂ ਬਚਾਅ
ਗਰਮੀਆਂ ਵਿਚ ਲੂ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਪੁਦੀਨਾ ਅਤੇ ਪਿਆਜ਼ ਦੀ ਚਟਨੀ ਦੀ ਵਰਤੋਂ ਕਰੋ। ਪੁਦੀਨੇ ਦੇ ਪੱਤਿਆਂ ਦਾ ਚੂਰਨ ਅਤੇ ਇਲਾਇਚੀ ਦਾ ਚੂਰਨ ਮਿਲਾ ਕੇ ਇਕ ਕੱਪ ਪਾਣੀ ਵਿਚ ਉਬਾਲ ਕੇ ਵੀ ਵਰਤੋਂ ਕਰ ਸਕਦੇ ਹੋ।
ਡੀਹਾਈਡ੍ਰੇਸ਼ਨ ਤੋਂ ਬਚਾਅ
ਜੇਕਰ ਤੁਸੀਂ ਪਾਣੀ ਦੀ ਘਾਟ ਤੋਂ ਬਚਣਾ ਚਾਹੁੰਦੇ ਹੋ ਤਾਂ ਪੁਦੀਨੇ ਦਾ ਰਸ, ਨਿੰਬੂ ਦਾ ਰਸ ਮਿਲਾ ਕੇ ਵਰਤੋਂ ਕਰੋ। ਜੇਕਰ ਤੁਸੀਂ ਉਲਟੀ, ਦਸਤ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਦਿਨ ਵਿੱਚ ਦੋ- ਦੋ ਘੰਟੇ ਬਾਅਦ ਪੁਦੀਨੇ ਦੇ ਰਸ ਦੀ ਵਰਤੋਂ ਕਰਨ ਨਾਲ ਇਹ ਸਮੱਸਿਆ ਠੀਕ ਹੋ ਜਾਂਦੀ ਹੈ।
ਪਿੰਪਲਸ ਤੋਂ ਛੁਟਕਾਰਾ
ਗਰਮੀਆਂ ਵਿੱਚ ਚਿਹਰੇ ਤੇ ਪਿੰਪਲਸ ਦੀ ਸਮੱਸਿਆ ਬਹੁਤ ਜ਼ਿਆਦਾ ਰਹਿੰਦੀ ਹੈ। ਜੇਕਰ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਪੁਦੀਨੇ ਦੇ ਪੱਤਿਆਂ ਦੇ ਰਸ ਵਿਚ ਨਿੰਬੂ ਦਾ ਰਸ ਮਿਲਾ ਕੇ ਪਿੰਪਲਸ ਤੇ ਲਗਾਓ। ਪਿੰਪਲਸ ਠੀਕ ਹੋ ਜਾਣਗੇ।
ਵਾਲ਼ਾਂ ਦੀ ਸਮੱਸਿਆ
ਵਾਲ਼ਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਪੁਦੀਨੇ ਦੇ ਪਾਣੀ ਨਾਲ ਵਾਲ਼ ਧੋ ਲਓ। ਫਿਰ ਤਾਜ਼ੇ ਪਾਣੀ ਨਾਲ ਵਾਲ ਧੋਣ ਨਾਲ ਵਾਲ਼ਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਛਾਈਆਂ ਦੀ ਸਮੱਸਿਆ ਤੋਂ ਛੁਟਕਾਰਾ
ਛਾਈਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਮੁਲਤਾਨੀ ਮਿੱਟੀ ਵਿੱਚ ਪੁਦੀਨੇ ਦਾ ਰਸ ਮਿਲਾ ਕੇ ਚਿਹਰੇ ਤੇ ਲਗਾਓ।